ਤਾਜਾ ਖਬਰਾਂ
ਅੱਜ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਹੋਏ ਇਤਿਹਾਸਕ ਸਾਕੇ ਦੀ ਯਾਦ ਵਿੱਚ ਅਤੇ ਉਸ ਦੌਰਾਨ ਸ਼ਹੀਦ ਹੋਏ ਸਿੱਖਾਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਅੰਦਰ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਹੋਈ, ਜਿਸ ਮਗਰੋਂ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਵਾਜ਼ਿਆ।
ਇਸ ਪਵਿੱਤਰ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਸ਼ਣ ਕਰਦੇ ਹੋਏ ਆਖਿਆ ਕਿ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਵਾਪਰਿਆ ਇਹ ਦੁਖਦ ਸਾਕਾ ਸਿੱਖ ਇਤਿਹਾਸ ਵਿੱਚ ਇੱਕ ਭਾਰੀ ਘਾਟਾ ਸੀ। ਉਨ੍ਹਾਂ ਦੱਸਿਆ ਕਿ ਮਿਸ਼ਲ ਸ਼ਹੀਦ ਤਰਨਾ ਦਲ ਦੇ 11 ਸਿੰਘ ਇਸ ਸਾਕੇ ਦੌਰਾਨ ਸ਼ਹੀਦ ਹੋਏ ਸਨ। ਮਿਸ਼ਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਵੀ ਇਸ ਸਾਕੇ ਦੌਰਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਪੰਥ ਦੀ ਸੇਵਾ ਕੀਤੀ ਅਤੇ ਗੰਭੀਰ ਜਖਮੀ ਹੋਏ। ਪੰਥ ਵੱਲੋਂ ਉਨ੍ਹਾਂ ਨੂੰ 'ਜਿੰਦਾ ਸ਼ਹੀਦ' ਦੀ ਉਪਾਧੀ ਨਾਲ ਨਵਾਜਿਆ ਗਿਆ।
ਸਮਾਗਮ ਦੌਰਾਨ ਮੀਡੀਆ ਪੱਤਰਕਾਰਾਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਅਜਾਇਬ ਘਰ ਵਿੱਚ ਲਗਾਉਣ ਦੇ ਵਿਰੋਧ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ, ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਇਹ ਮਾਮਲਾ ਸੰਵੇਦਨਸ਼ੀਲ ਹੈ ਅਤੇ ਕਮੇਟੀ ਇਸ ਬਾਰੇ ਮੁੜ ਵਿਚਾਰ ਕਰੇਗੀ। ਫੈਸਲਾ ਸੂਝਬੂਝ ਨਾਲ ਲਿਆ ਜਾਵੇਗਾ।
ਇਸ ਤੋਂ ਇਲਾਵਾ, ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਵੱਲੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਤਨਖਾਹੀਆ ਕਰਾਰ ਦੇਣ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਤਖਤਾਂ ਵਿਚਾਲੇ ਨਹੀਂ, ਸਗੋਂ ਕੁਝ ਵਿਅਕਤੀਆਂ ਵਿਚਾਲੇ ਪੈਦਾ ਹੋਈ ਅਣਬਣ ਹੈ। ਇਹ ਗੱਲ ਪੰਥਕ ਇਕਤਾ ਲਈ ਘਾਤਕ ਹੈ ਅਤੇ ਇਸ ਨੂੰ ਜਲਦ ਹੱਲ ਕੀਤਾ ਜਾਵੇਗਾ ਤਾਂ ਜੋ ਸਿੱਖ ਕੌਮ ਦੀ ਏਕਤਾ ਬਰਕਰਾਰ ਰਹੇ।
Get all latest content delivered to your email a few times a month.