ਤਾਜਾ ਖਬਰਾਂ
ਲੁਧਿਆਣਾ- ਪੰਜਾਬ ਦੇ ਲੁਧਿਆਣਾ 'ਚ ਜੀਆਰਪੀ ਪੁਲਿਸ ਲਗਾਤਾਰ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸ ਰਹੀ ਹੈ। ਰਾਜ ਪੱਧਰ ’ਤੇ ਰੇਲਾਂ ਰਾਹੀਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪੁਲੀਸ ਟੀਮਾਂ ਰੇਲ ਗੱਡੀਆਂ ਵਿੱਚ ਛਾਪੇਮਾਰੀ ਕਰ ਰਹੀਆਂ ਹਨ। ਇਸ ਦੇ ਨਾਲ ਹੀ ਤਲਾਸ਼ੀ ਦੌਰਾਨ ਲੁਧਿਆਣਾ ਜੀਆਰਪੀ ਦੇ ਐਸਐਚਓ ਪਲਵਿੰਦਰ ਸਿੰਘ ਨੇ ਇੱਕ ਨਸ਼ਾ ਤਸਕਰ ਨੂੰ 16 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਝਾਰਖੰਡ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਲੈ ਕੇ ਆਇਆ ਸੀ।
ਪੁਲੀਸ ਨੇ ਮੁਲਜ਼ਮ ਨੂੰ ਪਲੇਟਫਾਰਮ ਨੰਬਰ 4-5 ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਟੀਮ ਨੇ ਨਸ਼ਾ ਤਸਕਰ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਮੁਲਜ਼ਮ ਸੰਤੋਸ਼ ਨੇ ਰਿਮਾਂਡ ਦੌਰਾਨ ਪੁਲੀਸ ਕੋਲ ਖੁਲਾਸਾ ਕੀਤਾ ਕਿ ਉਹ 1 ਲੱਖ ਰੁਪਏ ਤੋਂ ਵੱਧ ਦੇ ਰੇਟ ’ਤੇ ਅਫੀਮ ਲਿਆ ਰਿਹਾ ਸੀ, ਜੋ ਉਸ ਨੇ ਦੁੱਗਣੇ ਰੇਟ ’ਤੇ ਵੇਚਣੀ ਸੀ। ਸੰਤੋਸ਼ ਨੇ ਦੱਸਿਆ ਕਿ ਉਹ ਜਲੰਧਰ ਦੇ ਆਦਮਪੁਰ ਅਤੇ ਭੋਗਪੁਰ ਇਲਾਕੇ ਦੇ ਢਾਬਿਆਂ 'ਤੇ ਵੀ ਕੰਮ ਕਰ ਚੁੱਕਾ ਹੈ।ਉਥੋਂ ਉਸ ਦੇ ਸਬੰਧ ਨਸ਼ਾ ਤਸਕਰਾਂ ਨਾਲ ਸਥਾਪਿਤ ਹੋ ਗਏ ਜੋ ਅਫੀਮ ਖਰੀਦਦੇ ਹਨ। ਡੀਐਸਪੀ ਤੇਜਪਾਲ ਸਿੰਘ ਅਤੇ ਐਸਐਚਓ ਪਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਕਈ ਵਾਰ ਅਫੀਮ ਦੀ ਤਸਕਰੀ ਕਰ ਚੁੱਕਾ ਹੈ। ਇਸ ਦੇ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੇ ਗਾਹਕਾਂ ਦਾ ਪਤਾ ਲਗਾਉਣ ਲਈ ਡਿਜੀਟਲ ਸਿਸਟਮ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਸੀ.ਡੀ.ਆਰ ਅਤੇ ਹੋਰ ਟਿਕਾਣਿਆਂ ਦਾ ਪਤਾ ਲਗਾ ਕੇ ਨਸ਼ਾ ਤਸਕਰ ਦੇ ਹੋਰ ਸਾਥੀਆਂ ਨੂੰ ਵੀ ਫੜਿਆ ਜਾਵੇਗਾ।
Get all latest content delivered to your email a few times a month.