ਤਾਜਾ ਖਬਰਾਂ
ਬਠਿੰਡਾ ਵਿਖੇ 15 ਮਈ 2025 ਨੂੰ ਬੱਸ ਅੱਡਾ ਬਚਾਉਣ ਲਈ ਬਣੀ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇਕ ਵੱਡਾ ਮਸ਼ਾਲ ਮਾਰਚ ਹੋਇਆ, ਜਿਸ ਵਿੱਚ ਸੈਂਕੜੇ ਦੁਕਾਨਦਾਰਾਂ ਨੇ ਭਾਗ ਲਿਆ। ਇਸ ਮਾਰਚ ਦਾ ਮਕਸਦ ਬੱਸ ਅੱਡੇ ਨੂੰ ਮੌਜੂਦਾ ਥਾਂ ਤੇ ਹੀ ਬਣਾਈ ਰੱਖਣ ਦੀ ਮੰਗ ਕਰਨੀ ਸੀ। ਸੰਘਰਸ਼ ਕਮੇਟੀ ਨੇ ਇਹ ਸਪਸ਼ਟ ਕੀਤਾ ਕਿ ਉਹ ਸਿਰਫ ਇਕ ਮੰਗ ਕਰ ਰਹੇ ਹਨ ਕਿ ਬੱਸ ਅੱਡੇ ਨੂੰ ਲੋਕ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਨਾ ਹਟਾਇਆ ਜਾਵੇ ਅਤੇ ਬਦਲਾਅ ਦੇ ਬੇਬੁਨਿਆਦ ਤਰਕਾਂ ਦੀ ਥਾਂ ਟੈਕਨੀਕਲ ਮਾਹਿਰਾਂ ਦੀ ਮਦਦ ਨਾਲ ਸਮੱਸਿਆ ਦਾ ਹੱਲ ਇਥੇ ਹੀ ਲੱਭਿਆ ਜਾਵੇ। ਮਾਰਚ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਕੋਰਟ ਰੋਡ, ਮਹਿਣਾ ਚੌਕ, ਮਿੱਠੂ ਵਾਲਾ ਮੋੜ, ਆਰਿਆ ਸਮਾਜ ਚੌਕ, ਧੋਬੀ ਬਜ਼ਾਰ, ਸਪੋਰਟਸ ਮਾਰਕਿਟ ਰਾਹੀਂ ਸਦਭਾਵਨਾ ਚੌਕ ਤੱਕ ਗਿਆ। ਮਾਰਚ ਦੌਰਾਨ ਲੋਕਾਂ ਨੇ ਹੱਥਾਂ ਵਿੱਚ ਮਸ਼ਾਲਾਂ ਫੜ ਕੇ ਜਨਤਾ ਨੂੰ ਬੱਸ ਅੱਡੇ ਬਚਾਉਣ ਲਈ ਜਾਗਰੂਕ ਕੀਤਾ। ਸਮਾਗਮ ਦੌਰਾਨ ਗੁਰਪ੍ਰੀਤ ਆਰਟਿਸਟ ਅਤੇ ਗੁਰਵਿੰਦਰ ਸ਼ਰਮਾ ਨੇ ਲੋਕਾਂ ਨੂੰ ਬੱਸ ਅੱਡੇ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਉਹ ਪ੍ਰਸ਼ਾਸਨ ਵੱਲੋਂ ਬਣਾਈ ਕਮੇਟੀ ਅੱਗੇ ਆਪਣਾ ਪੱਖ ਮਜ਼ਬੂਤੀ ਨਾਲ ਰੱਖਣਗੇ ਅਤੇ ਕਿਸੇ ਵੀ ਕੀਮਤ ’ਤੇ ਬੱਸ ਅੱਡਾ ਤਬਦੀਲ ਨਹੀਂ ਹੋਣ ਦੇਣਗੇ। ਹਰਵਿੰਦਰ ਸਿੰਘ ਹੈਪੀ ਨੇ ਵਿਧਾਇਕ ਨੂੰ ਲੋਕਾਂ ਦੀ ਭਾਵਨਾ ਸਮਝਣ ਦੀ ਸਲਾਹ ਦਿੰਦਿਆਂ ਝੂਠੇ ਬਿਆਨਾਂ ਤੋਂ ਪਰਹੇਜ਼ ਕਰਨ ਦੀ ਮੰਗ ਕੀਤੀ। ਕੌਂਸਲਰ ਸੰਦੀਪ ਬਾਬੀ ਨੇ ਦੱਸਿਆ ਕਿ ਵੱਧਤਰ ਕੌਂਸਲਰ ਸੰਘਰਸ਼ ਕਮੇਟੀ ਦੇ ਪੱਖ ਵਿੱਚ ਹਨ, ਕਿਉਂਕਿ ਉਹ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਹਨ। ਹਰਜਿੰਦਰ ਸਿੱਧੂ, ਦੇਵੀ ਦਿਆਲ, ਰਾਮ ਜਿੰਦਲ, ਰਵਿੰਦਰ ਗੁਪਤਾ, ਅਸ਼ੋਕ ਕੁਮਾਰ, ਰਾਜ ਕੁਮਾਰ, ਪਰਮਜੀਤ ਸਿੰਘ, ਮਨਦੀਪ ਸਿੰਘ, ਤਰਸੇਮ ਕੁਮਾਰ, ਸੈਸ਼ਨ ਕੁਮਾਰ ਸਮੇਤ ਬਹੁਤ ਸਾਰੇ ਦੁਕਾਨਦਾਰਾਂ ਨੇ ਇਸ ਅੰਦੋਲਨ ਵਿੱਚ ਭਾਗ ਲੈ ਕੇ ਆਪਣਾ ਸਹਿਯੋਗ ਦਿੱਤਾ।
Get all latest content delivered to your email a few times a month.