ਤਾਜਾ ਖਬਰਾਂ
ਬਠਿੰਡਾ ਦੇ ਸਾਈਂ ਨਗਰ ਇਲਾਕੇ ਵਿੱਚ ਚੱਲ ਰਿਹਾ ਇਕ ਅਣਅਧਿਕਾਰਤ ਨਸ਼ਾ ਛੁਡਾਊ ਕੇਂਦਰ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਛਾਪੇਮਾਰੀ ਦੌਰਾਨ ਬੇਨਕਾਬ ਹੋਇਆ। ਇਸ ਕੇਂਦਰ ਵਿੱਚ ਆਸ-ਪਾਸ ਦੇ ਪਿੰਡਾਂ ਤੋਂ ਲਗਭਗ 18 ਨੌਜਵਾਨ ਨਸ਼ਾ ਛੱਡਣ ਦੀ ਉਮੀਦ ਨਾਲ ਆਏ ਹੋਏ ਸਨ।
ਜਦੋਂ ਸਿਹਤ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਮੌਕੇ ਤੇ ਪਹੁੰਚੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਸ ਕੋਠੀ ਵਿੱਚ ਕੋਈ ਡਾਕਟਰੀ ਸਹੂਲਤ ਮੌਜੂਦ ਨਹੀਂ ਸੀ। ਕੇਵਲ ਇਕ ਕੇਅਰ ਟੇਕਰ ਮੌਜੂਦ ਸੀ, ਅਤੇ ਇਲਾਜ ਲਈ ਕੋਈ ਮਾਹਿਰ ਡਾਕਟਰ ਜਾਂ ਮਨੋਚਿਕਿਤਸਕ ਉੱਥੇ ਨਹੀਂ ਸੀ। ਮੌਕੇ ਉੱਤੇ ਡਾ. ਅਰੁਣ ਬਾਂਸਲ, ਜੋ ਕਿ ਮਾਨਸਿਕ ਰੋਗ ਵਿਸ਼ੇਸ਼ਗਿਆ ਹਨ, ਨੇ ਦੱਸਿਆ ਕਿ ਉਨ੍ਹਾਂ ਨੂੰ ਡੀ.ਸੀ. ਬਠਿੰਡਾ ਵੱਲੋਂ ਇਹ ਰੇਡ ਕਰਨ ਲਈ ਭੇਜਿਆ ਗਿਆ ਸੀ। ਨੌਜਵਾਨਾਂ ਨੂੰ ਉਨ੍ਹਾਂ ਦੀ ਸੁਰੱਖਿਆ ਅਤੇ ਵਧੀਆ ਇਲਾਜ ਲਈ ਸਰਕਾਰੀ ਰੀਹੈਬਿਲੀਟੇਸ਼ਨ ਸੈਂਟਰ ਵਿਖੇ ਭੇਜਿਆ ਗਿਆ।
ਦੂਜੇ ਪਾਸੇ, ਡੀਐਸਪੀ ਸਿਟੀ ਵਨ ਹਰਬੰਸ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਕੇਂਦਰ ਬਿਨਾਂ ਕਿਸੇ ਲਾਇਸੰਸ ਜਾਂ ਰਜਿਸਟ੍ਰੇਸ਼ਨ ਦੇ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਛਾਪੇ ਦੌਰਾਨ ਕੇਂਦਰ ਤੋਂ ਲਗਭਗ 800 ਖੁੱਲੀਆਂ ਗੋਲੀਆਂ ਮਿਲੀਆਂ ਹਨ, ਜਿਨ੍ਹਾਂ ਦੀ ਜਾਂਚ ਚਲ ਰਹੀ ਹੈ। ਇਹ ਦਵਾਈਆਂ ਕਿਹੜੀਆਂ ਹਨ ਅਤੇ ਕੀ ਇਨ੍ਹਾਂ ਨੂੰ ਸਹੀ ਢੰਗ ਨਾਲ ਵਰਤਿਆ ਜਾ ਰਿਹਾ ਸੀ ਜਾਂ ਨਹੀਂ, ਇਹ ਵੀ ਜਾਂਚ ਦਾ ਵਿਸ਼ਾ ਹੈ।
ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਨਾਲ ਇਸ ਕੋਠੀ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਕੇਂਦਰ ਦੇ ਸੰਚਾਲਕ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਗਾਹ ਕੀਤਾ ਗਿਆ ਕਿ ਨਸ਼ਾ ਛੁਡਾਊ ਕੇਂਦਰ ਚਲਾਉਣ ਲਈ ਸਰਕਾਰੀ ਮਨਜ਼ੂਰੀ ਅਤੇ ਤਜਰਬੇਕਾਰ ਸਟਾਫ਼ ਦਾ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਸਕਦਾ ਹੈ।
Get all latest content delivered to your email a few times a month.