ਤਾਜਾ ਖਬਰਾਂ
ਹਰ ਮੁਸ਼ਕਿਲ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ,ਜਮਾਂ ਖੋਰੀ ਨਾ ਕਰੋ, ਰਾਸ਼ਨ ਦੀ ਕਮੀ ਨਹੀਂ ਹੈ
ਖੰਨਾ, ਲੁਧਿਆਣਾ, 10 ਮਈ- ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਨਿਵਾਸੀਆਂ ਨੂੰ ਇੱਕ ਅਪੀਲ ਕਰਦਿਆਂ ਕਿਹਾ ਹੈ ਕਿ ਮੌਜੂਦਾ ਤਨਾਅਪੂਰਨ ਹਾਲਾਤਾਂ ਨੂੰ ਦੇਖਦਿਆਂ ਕਿਸੇ ਨੂੰ ਵੀ ਘਬਰਾਹਟ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੈ ਅਤੇ ਸਾਰੇ ਲੋਕ ਸੁਚੇਤ ਰਹਿਣਾ।
ਸੌਂਦ ਨੇ ਕਿਹਾ ਕਿ ਅਸੀਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿੱਚ ਹਾਂ। ਉਨ੍ਹਾਂ ਕਿਹਾ ਕਿ ਖੰਨਾ ਦੇ ਸਿਵਲ ਹਸਪਤਾਲ ਵਿੱਚ ਜਾ ਕੇ ਚੈਕਿੰਗ ਕੀਤੀ ਗਈ ਹੈ ਉੱਥੇ ਜਿੰਨੀਆਂ ਵੀ ਸਹੂਲਤਾਂ ਦੀ ਜ਼ਰੂਰਤ ਹੈ ਉਹ ਉੱਥੇ ਉਪਲਬਧ ਹਨ। ਸਾਰਾ ਪ੍ਰਸ਼ਾਸਨ ਸਾਡੇ ਲਈ ਹਰ ਸਮੇਂ ਮੌਜੂਦ ਹੈ। ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਭ ਤੋਂ ਜ਼ਰੂਰੀ ਅਪੀਲ ਇਹ ਹੈ ਕਿ ਪਾਕਿਸਤਾਨ ਦੀ ਤਰਫੋਂ ਜਿੰਨੇ ਵੀ ਡਰੋਨ ਆਉਂਦੇ ਹਨ, ਇਹ ਡਰੋਨ ਲਾਈਟ ਨੂੰ ਖੋਜਦੇ ਹਨ, ਇਸ ਲਈ ਸ਼ਾਮ ਹੁੰਦੇ ਸਾਰ ਘਰਾਂ ਦੀਆਂ ਸਾਰੀਆਂ ਲਾਈਟਾਂ ਪ੍ਰਸ਼ਾਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਬੰਦ ਕਰਨੀਆਂ ਹਨ। ਜੇਕਰ ਕਿਸੇ ਜਨਤਕ ਥਾਂ ਉੱਤੇ ਲਾਈਟ ਚੱਲਦੀ ਰਹਿ ਜਾਂਦੀ ਹੈ ਤਾਂ ਉਸ ਨੂੰ ਵੀ ਬੰਦ ਕਰਵਾਉਣਾ ਹੈ। ਖਾਸ ਕਰਕੇ ਸੀ.ਸੀ.ਟੀ.ਵੀ ਕੈਮਰੇ ਦੇ ਅੰਦਰ ਜੋ ਤਿੱਖੀ ਲਾਈਟ ਲੱਗੀ ਹੁੰਦੀ ਹੈ ਉਸ ਲਾਈਟ ਨੂੰ ਵੀ ਬੰਦ ਕਰੋ। ਇਸ ਦੇ ਨਾਲ ਹੀ ਦੁਕਾਨਾਂ ਅਤੇ ਘਰਾਂ ਦੇ ਬਾਹਰ ਲੱਗੇ ਚਮਕਦਾਰ ਬੋਰਡਾਂ ਦੀ ਲਾਈਟ ਵੀ ਜ਼ਰੂਰ ਬੰਦ ਕਰਨੀ ਹੈ। ਉਨ੍ਹਾਂ ਕਿਹਾ ਕਿ ਬਲੈਕਆਊਟ ਦਾ ਮਤਲਬ ਬਲੈਕਆਊਟ ਹੈ ਕਿਉਂਕਿ ਕਿ ਇਹ ਸਿਰਫ ਤੇ ਸਿਰਫ ਸਾਡੀ ਸੁਰੱਖਿਆ ਲਈ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਰਾਸ਼ਨ ਦੀ ਕੋਈ ਕਮੀ ਨਹੀਂ ਹੈ ਇਸ ਲਈ ਜਮਾਂਖੋਰੀ ਤੋਂ ਬਚਣਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਹਮੇਸ਼ਾਂ ਤੁਹਾਡੇ ਨਾਲ ਹੈ।
Get all latest content delivered to your email a few times a month.