ਤਾਜਾ ਖਬਰਾਂ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੋਹਾਲੀ ਦੇ ਪਿੰਡ ਭਾਗੋਮਾਜਰਾ ਸਥਿਤ ਜੀਬੀਪੀ ਕਰੈਸਟ ਕਲੋਨੀ ਵਿੱਚ ਗੈਰ-ਕਾਨੂੰਨੀ ਤੌਰ 'ਤੇ ਬਣੇ ਸ਼੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਅਤੇ ਰਾਧਾ ਮਾਧਵ ਮੰਦਰ ਨੂੰ ਢਾਹੁਣ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਕਿਹਾ ਕਿ ਇਹ ਢਾਂਚੇ ਬਿਨਾਂ ਕਿਸੇ ਕਾਨੂੰਨੀ ਮਨਜ਼ੂਰੀ ਦੇ ਜਨਤਕ ਸੜਕਾਂ 'ਤੇ ਬਣਾਏ ਗਏ ਹਨ, ਜੋ ਆਮ ਲੋਕਾਂ ਲਈ ਅਸੁਵਿਧਾ ਦਾ ਕਾਰਨ ਬਣ ਰਹੇ ਹਨ।
ਹਾਈ ਕੋਰਟ ਨੇ ਧਾਰਮਿਕ ਭਾਵਨਾਵਾਂ ਦਾ ਆਦਰ ਕਰਦਿਆਂ, ਮੰਦਰ ਅਤੇ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਪਵਿੱਤਰ ਵਸਤੂਆਂ ਨੂੰ ਸਤਿਕਾਰ ਨਾਲ ਹਟਾਉਣ ਲਈ 4 ਹਫ਼ਤੇ ਦਿੱਤੇ ਹਨ। ਇਸ ਤੋਂ ਬਾਅਦ 2 ਹਫ਼ਤਿਆਂ ਵਿੱਚ ਇਨ੍ਹਾਂ ਢਾਂਚਿਆਂ ਨੂੰ ਢਾਹਣਾ ਹੋਵੇਗਾ। ਜੇਕਰ ਕਮੇਟੀਆਂ ਇਹ ਕੰਮ ਖੁਦ ਨਹੀਂ ਕਰਦੀਆਂ, ਤਾਂ ਐਸ.ਡੀ.ਐਮ. ਖਰੜ ਪੁਲਿਸ ਦੀ ਮਦਦ ਨਾਲ ਇਹ ਕਾਰਵਾਈ ਅੰਜਾਮ ਦੇਣਗੇ।
ਇਹ ਕਾਰਵਾਈ ਗੁਰਮੀਤ ਸਿੰਘ ਅਤੇ ਹੋਰ ਨਿਵਾਸੀਆਂ ਵੱਲੋਂ ਦਾਇਰ ਕੀਤੀ ਪਟੀਸ਼ਨ ਤੋਂ ਬਾਅਦ ਹੋ ਰਹੀ ਹੈ, ਜਿਨ੍ਹਾਂ ਨੇ ਇਲਜ਼ਾਮ ਲਾਇਆ ਸੀ ਕਿ ਇਨ੍ਹਾਂ ਧਾਰਮਿਕ ਢਾਂਚਿਆਂ ਦੇ ਨਿਰਮਾਣ ਕਾਰਨ ਲੋਕਾਂ ਦੀ ਆਵਾਜਾਈ 'ਤੇ ਅਸਰ ਪਿਆ ਹੈ। ਅਦਾਲਤ ਨੇ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਦਮ ਚੁੱਕਣ ਦੀ ਵੀ ਚੇਤਾਵਨੀ ਦਿੱਤੀ ਹੈ।
Get all latest content delivered to your email a few times a month.