ਤਾਜਾ ਖਬਰਾਂ
ਚੰਡੀਗੜ੍ਹ, 26 ਅਪਰੈਲ: ਅੱਜ ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਦੇ ਵਫਦ ਨੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਯਕੀਨ ਦਵਾਇਆ ਕਿ ਨੰਬਰਦਾਰ ਭਾਈਚਾਰਾ, ਨਸ਼ਾ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਦੀ ਜ਼ਮਾਨਤ ਲਈ ਕਿਸੇ ਵੀ ਤਰੀਕੇ ਨਾਲ ਜ਼ਮਾਨਤੀ ਨਹੀਂ ਬਣੇਗਾ। ਇਹ ਕਦਮ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 'ਯੁੱਧ ਨਸ਼ਿਆਂ ਵਿਰੁੱਧ' ਅਭਿਆਨ ਨੂੰ ਪੂਰਾ ਸਮਰਥਨ ਦੇਣ ਦੇ ਲਈ ਚੁੱਕਿਆ ਗਿਆ ਹੈ।
ਵਫਦ ਨੇ ਰਾਜਪਾਲ ਨੂੰ ਦੱਸਿਆ ਕਿ ਰਾਜ ਭਰ ਦੇ ਲਗਭਗ 35,000 ਨੰਬਰਦਾਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਕਿਸੇ ਵੀ ਤਰੀਕੇ ਨਾਲ ਨਸ਼ਾ ਤਸਕਰਾਂ ਦੀ ਮਦਦ ਨਾ ਕਰਨ ਅਤੇ ਉਨ੍ਹਾਂ ਲਈ ਜ਼ਮਾਨਤੀ ਨਾ ਬਣਨ।
ਵਫਦ ਨੇ ਆਪਣੀਆਂ ਕੁਝ ਅਹਮ ਮੰਗਾਂ ਵੀ ਰਾਜਪਾਲ ਸਾਹਿਬ ਸਾਹਮਣੇ ਰੱਖੀਆਂ, ਜਿਵੇਂ ਕਿ ਉਨ੍ਹਾਂ ਦੇ ਮਾਸਿਕ ਮਾਣ ਭੱਤੇ ਵਿੱਚ ਵਾਧਾ, ਰਾਸ਼ਟਰੀ ਅਤੇ ਰਾਜ ਪੱਧਰੀ ਰਾਜਮਾਰਗ 'ਤੇ ਟੋਲ ਟੈਕਸ ਤੋਂ ਛੂਟ, ਮੁਫਤ ਬੱਸ ਯਾਤਰਾ ਦੀ ਸਹੂਲਤ, ਸਿਹਤ ਬੀਮਾ ਦੀ ਵਿਵਸਥਾ ਅਤੇ ਤਹਿਸੀਲ ਤੇ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸਾਂ ਵਿੱਚ ਨੰਬਰਦਾਰਾਂ ਲਈ ਵੱਖਰੇ ਕਮਰੇ ਉਪਲੱਬਧ ਕਰਵਾਉਣ ਆਦਿ।
ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਨੰਬਰਦਾਰ ਐਸੋਸੀਏਸ਼ਨ ਦੀ ਨਸ਼ਾ ਵਿਰੋਧੀ ਮੁਹਿੰਮ ਲਈ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਸਬੰਧਤ ਅਧਿਕਾਰੀਆਂ ਨਾਲ ਚਰਚਾ ਕੀਤੀ ਜਾਵੇਗੀ।
ਇਸ ਵਫਦ ਦੀ ਅਗਵਾਈ ਸ੍ਰੀ ਪਰਮਿੰਦਰ ਸਿੰਘ ਗਾਲਿਬ (ਰਾਜ ਪ੍ਰਧਾਨ) ਨੇ ਕੀਤੀ। ਉਨ੍ਹਾਂ ਦੇ ਨਾਲ ਸ੍ਰੀ ਆਲਮਜੀਤ ਸਿੰਘ ਚਕੋਹੀ (ਰਾਸ਼ਟਰੀ ਤੇ ਰਾਜੀ ਜਨਰਲ ਸਕੱਤਰ), ਸ੍ਰੀ ਰਣਜੀਤ ਸਿੰਘ ਚੰਗਲੀ (ਰਾਜ ਖਜ਼ਾਨਚੀ ), ਸ੍ਰੀ ਜਰਨੈਲ ਸਿੰਘ ਬਾਜਵਾ (ਜ਼ਿਲਾ ਪ੍ਰਧਾਨ ਕਪੂਰਥਲਾ), ਸ੍ਰੀ ਜਗਤਾਰ ਸਿੰਘ ਬਰਨ (ਤਹਿਸੀਲ ਪ੍ਰਧਾਨ ਪਟਿਆਲਾ), ਸ੍ਰੀ ਤੇਜਪਾਲ ਸਿੰਘ ਵਡਾਲਾ (ਤਹਿਸੀਲ ਪ੍ਰਧਾਨ ਕਪੂਰਥਲਾ), ਸ੍ਰੀ ਕੁੰਦਨ ਸਿੰਘ (ਤਹਿਸੀਲ ਪ੍ਰਧਾਨ ਭੁੱਲਥ) ਅਤੇ ਸ੍ਰੀ ਸੁਰਿੰਦਰ ਸਿੰਘ ਖਾਲੂ (ਪ੍ਰਧਾਨ ਸੁਲਤਾਨਪੁਰ ਲੋਧੀ) ਸ਼ਾਮਲ ਸਨ।
Get all latest content delivered to your email a few times a month.