IMG-LOGO
ਹੋਮ ਪੰਜਾਬ: ਡਾ. ਬਲਜੀਤ ਕੌਰ ਵੱਲੋਂ ਕਿਸਾਨਾਂ ਨੂੰ ਸਹਾਇਤਾ, ₹6 ਲੱਖ ਦੀ...

ਡਾ. ਬਲਜੀਤ ਕੌਰ ਵੱਲੋਂ ਕਿਸਾਨਾਂ ਨੂੰ ਸਹਾਇਤਾ, ₹6 ਲੱਖ ਦੀ ਵਿੱਤੀ ਮਦਦ ਮੁਹੱਈਆ

Admin User - Apr 24, 2025 08:42 PM
IMG

ਚੰਡੀਗੜ੍ਹ / ਸੋਥਾ (ਮਲੋਟ), 24 ਅਪ੍ਰੈਲ: ’ਕਿਸਾਨ ਸਾਡੇ ਅੰਨਦਾਤਾ ਹਨ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਭਾਵਿਤ ਕਿਸਾਨਾਂ ਨੂੰ ਕਿਸੇ ਵੀ ਹਾਲਤ ‘ਚ ਇਕੱਲਾ ਨਹੀਂ ਛੱਡੇਗੀ।’’ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਿਛਲੇ ਦਿਨੀਂ ਪਿੰਡ ਸੋਥਾ ਅਤੇ ਦੂਹੇਵਾਲਾ 'ਚ ਹੋਈ ਅੱਗ ਦੀ ਘਟਨਾ ਵਿੱਚ ਪ੍ਰਭਾਵਿਤ ਕਿਸਾਨ ਪਰਿਵਾਰਾਂ ਦੇ ਦੁੱਖ-ਦਰਦ 'ਚ ਹਿਸੇਦਾਰ ਬਣਦਿਆਂ ਪੀੜਤ ਪਰਿਵਾਰਾਂ ਨੂੰ ₹6 ਲੱਖ ਰੁਪਏ ਦੀ ਆਰਥਿਕ ਮਦਦ ਸੌਂਪੀ। ਇਹ ਰਕਮ ਉਨ੍ਹਾਂ ਨੇ ਆਪਣੀ ਦੋ ਮਹੀਨੇ ਦੀ ਤਨਖਾਹ ਅਤੇ ਵਿਦੇਸ਼ ਵੱਸਦੇ ਭਰਾਵਾਂ ਦੀ ਮਦਦ ਨਾਲ ਇਕੱਠੀ ਕੀਤੀ। ਨਾਲ ਹੀ, ਹਰ ਪਰਿਵਾਰ ਨੂੰ 12 ਮਣ (ਕਰੀਬ 5 ਕੁਇੰਟਲ) ਕਣਕ ਅਤੇ ਪਸ਼ੂਆਂ ਲਈ ਤੂੜੀ ਵੀ ਮੁਹੱਈਆ ਕਰਵਾਈ ਗਈ।

ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ ਅੱਗ ਕਾਰਨ ਬੇਸ਼ੁਮਾਰ ਕਿਸਾਨਾਂ ਦੀ ਫਸਲ ਸੜ ਕੇ ਸਵਾਹ ਹੋ ਗਈ। ਉਨ੍ਹਾਂ ਆਪਣੇ ਦੌਰੇ ਦੌਰਾਨ ਕਿਸਾਨ ਪਰਿਵਾਰਾਂ ਦੀਆਂ ਹਾਲਤਾਂ ਦੇਖ ਕੇ ਗਹਿਰੀ ਸੰਵੇਦਨਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਿਸਾਨ ਪੰਜਾਬ ਦੀ ਰੀੜ ਹਨ, ਅਸੀਂ ਆਪਣੇ ਅਨਦਾਤਿਆਂ ਨੂੰ ਕਿਸੇ ਵੀ ਹਾਲਤ ਵਿੱਚ ਇੱਕਲਾ ਨਹੀਂ ਛੱਡਾਂਗੇ। ਪੰਜਾਬ ਸਰਕਾਰ ਦਾ ਹਰ ਵਿਭਾਗ ਅਜਿਹੀਆਂ ਘਟਨਾਵਾਂ 'ਚ ਪੀੜਤਾਂ ਦੀ ਮਦਦ ਲਈ ਤਤਪਰ ਹੈ।

ਡਾ. ਬਲਜੀਤ ਕੌਰ ਨੇ ਆਪਣੀ ਸਮਰਪਿਤ ਸੋਚ ਦਾ ਪ੍ਰਗਟਾਵਾ ਕਰਦਿਆਂ ਵਿੱਤੀ ਸਹਾਇਤਾ ਦੇ ਰੂਪ ਵਿੱਚ ਹਰ ਪਰਿਵਾਰ ਨੂੰ ₹30000 ਰੁਪਏ ਦੀ ਰਾਸ਼ੀ ਭੇਟ ਕੀਤੀ। ਉਨ੍ਹਾਂ ਦੱਸਿਆ ਕਿ ਕੁੱਝ ਪਰਿਵਾਰਾਂ ਨੇ ਆਪਣੀ ਸ਼ਰਧਾ ਅਨੁਸਾਰ ਕਣਕ ਲੈਣ ਤੋਂ ਇਨਕਾਰ ਕਰਕੇ ਇਹ ਕਣਕ ਪਿੰਡ ਕਮੇਟੀ ਹਵਾਲੇ ਕਰ ਦਿੱਤੀ, ਤਾਂ ਜੋ ਹੋਰ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ।

ਉਨ੍ਹਾਂ ਐਲਾਨ ਕੀਤਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ ਅਨੁਸਾਰ ਗਿਰਦਾਵਰੀ ਮਗਰੋਂ ਕਿਸਾਨਾਂ ਨੂੰ ₹18500 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ।

ਇਸ ਤੋਂ ਬਾਅਦ, ਡਾ. ਬਲਜੀਤ ਕੌਰ ਨੇ ਮਲੋਟ-ਬਠਿੰਡਾ ਰੋਡ ਸਥਿਤ ਬਿਜਲੀ ਗਰਿੱਡ ਸਟੋਰ ਦਾ ਦੌਰਾ ਕੀਤਾ, ਜਿੱਥੇ 21 ਅਪ੍ਰੈਲ ਨੂੰ ਅੱਗ ਲੱਗੀ ਸੀ। ਮੌਕੇ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਨੇੜਲੇ ਜ਼ਿਲ੍ਹਿਆਂ ਤੋਂ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ।

ਡਾ. ਬਲਜੀਤ ਕੌਰ ਨੇ ਵਿਭਾਗੀ ਅਧਿਕਾਰੀਆਂ, ਕਰਮਚਾਰੀਆਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਨੇੜਲੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦਾ ਧੰਨਵਾਦ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਅੱਗ ਕਾਰਨ 4500 ਪੁਰਾਣੇ ਅਤੇ 500 ਨਵੇਂ ਟਰਾਂਸਫਾਰਮਰ ਸੜ ਗਏ ਹਨ। ਜਾਂਚ ਚੱਲ ਰਹੀ ਹੈ ਅਤੇ ਮੁੱਢਲੇ ਪੱਧਰ 'ਤੇ ਕੋਈ ਮਾੜੀ ਨੀਅਤ ਨਹੀਂ ਲੱਗ ਰਹੀ, ਪਰ ਜਾਂਚ ਮੁਕੰਮਲ ਹੋਣ 'ਤੇ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਖਿਲਾਫ ਸਖਤ ਕਾਰਵਾਈ ਹੋਏਗੀ।

ਪਹਿਲਗਾਮ ਹਮਲੇ ਬਾਰੇ ਪੁੱਛੇ ਸਵਾਲ 'ਤੇ ਡਾ. ਬਲਜੀਤ ਕੌਰ ਨੇ ਕਿਹਾ ਕਿ ਹਮਲਾਵਰਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਜੇਕਰ ਕਿਸੇ ਹੋਰ ਦੇਸ਼ ਦੀ ਸ਼ਮੂਲੀਅਤ ਹੋਈ ਤਾਂ ਉਸ ਖਿਲਾਫ ਵੀ ਸਖਤ ਕਾਰਵਾਈ ਹੋਵੇਗੀ।

ਇਸ ਮੌਕੇ ਸ਼੍ਰੀ ਜਸ਼ਨ ਬਰਾੜ ਚੇਅਰਮੈਨ ਮਾਰਕੀਟ ਕਮੇਟੀ ਮਲੋਟ, ਮੰਤਰੀ ਜੀ ਦੇ ਸਕੱਤਰ ਸ਼੍ਰੀ ਅਰਸ਼ਦੀਪ ਸਿੰਘ, ਸ਼੍ਰੀ ਗੁਰਭਗਤ ਸਿੰਘ ਬਲਾਕ ਪ੍ਰਧਾਨ, ਸ਼੍ਰੀ ਸਤਨਾਮ ਸਿੰਘ ਬਲਾਕ ਪ੍ਰਧਾਨ, ਸ਼੍ਰੀ ਲਾਭ ਸਿੰਘ, ਸ਼੍ਰੀ ਗਗਨਦੀਪ ਸਿੰਘ ਔਲਖ ਤੇ ਹੋਰ ਸਤਿਕਾਰਯੋਗ ਹਸਤੀਆਂ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.