ਤਾਜਾ ਖਬਰਾਂ
ਚੰਡੀਗੜ੍ਹ- (ਹਰਮਨ) ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਪਲੇਠਾ ਕਾਵਿ ਸੰਗ੍ਰਿਹ "ਤੂੰ ਇੱਕ ਦੀਵਾ ਬਣ" ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਿਲੀਜ਼ ਕੀਤਾ ਗਿਆ। ਮੁੱਖ ਮੰਤਰੀ ਵੱਲੋਂ ਇਸ ਮੌਕੇ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਇਸ ਸਾਹਿਤਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਵਧਾਈ ਦਿੱਤੀ ਅਤੇ ਬਤੌਰ ਵਿਧਾਇਕ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਕਵਿਤਾਵਾਂ ਦੀ ਰਚਨਾ ਕਰਨ ਲਈ ਉਹਨਾਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ, ਪੰਜਾਬ ਦੇ ਭਖਦੇ ਮੁੱਦਿਆਂ ਅਤੇ ਆਮ ਘਰਾਂ ਚੋਂ ਉੱਠ ਕੇ ਸੰਘਰਸ਼ਾਂ ਦੀ ਭੱਠੀ ਵਿੱਚ ਤਪ ਕੇ ਹੀਰਾ ਬਣੇ ਹਰ ਇਨਸਾਨ ਦੀ ਕਹਾਣੀ ਦੀ ਬਾਤ ਪਾਉਂਦਾ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਕਾਵਿ ਸੰਗ੍ਰਿਹ "ਤੂੰ ਇੱਕ ਦੀਵਾ ਬਣ" ਸਮਾਜ ਲਈ ਇੱਕ ਸੇਧ ਦਾ ਕੰਮ ਕਰੇਗਾ । ਉਹਨਾਂ ਕਿਹਾ ਕਿ ਅੱਜ ਦੇ ਮੋਬਾਈਲ ਕ੍ਰਾਂਤੀ ਦੇ ਯੁੱਗ ਵਿੱਚ ਜਦੋਂ ਹਰ ਇਨਸਾਨ ਕਿਤਾਬਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ, ਤਾਂ ਅਜਿਹੇ ਮੌਕੇ 24 ਘੰਟੇ ਆਮ ਜਨਤਾ ਦੇ ਕੰਮਾਂ ਕਾਰਾਂ ਅਤੇ ਨਿੱਜੀ ਜ਼ਿੰਦਗੀ ਵਿੱਚ ਮਸ਼ਰੂਫ ਰਹਿਣ ਦੇ ਬਾਵਜੂਦ ਇੱਕ ਵਿਧਾਇਕ ਵੱਲੋਂ ਸਾਹਿਤਕ ਰਚਨਾ ਕਰਨੀ ਸਮਾਜ ਲਈ ਇੱਕ ਚੰਗੇ ਸੁਨੇਹੇ ਦਾ ਕੰਮ ਕਰੇਗੀ । ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਕਿਤਾਬ ਰਿਲੀਜ਼ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਬੀਰ ਸਿੰਘ, ਸੁਖਵੀਰ ਸਿੰਘ (ਦੋਵੇਂ ਓਐਸਡੀ ਮੁੱਖ ਮੰਤਰੀ) , ਐਡਵੋਕੇਟ ਗੁਰਪ੍ਰੀਤ ਸਿੰਘ ਢਿੱਲਵਾਂ, ਹਰਦੀਪ ਸਿੰਘ ਧੂਰਕੋਟ, ਗੁਰਤੇਜ ਸਿੰਘ, ਸੰਦੀਪ ਸਿੰਘ ਸਰਾਂ ਅਤੇ ਬੂਟਾ ਸਿੰਘ ਜੱਸੜ ਆਦਿ ਹਾਜ਼ਿਰ ਸਨ।
Get all latest content delivered to your email a few times a month.