ਤਾਜਾ ਖਬਰਾਂ
ਅਮਰੀਕਾ ਅਤੇ ਭਾਰਤ ਦਰਮਿਆਨ ਸ਼ਾਨਦਾਰ ਅੰਤਰਰਾਸ਼ਟਰੀ ਸਹਿਯੋਗ ਅਤੇ ਸੂਚਨਾ ਸੰਚਾਰ ਦੇ ਨਤੀਜੇ ਵਜੋਂ ਹੋਈ ਗ੍ਰਿਫਤਾਰੀ : ਡੀਜੀਪੀ ਗੌਰਵ ਯਾਦਵ
ਚੰਡੀਗੜ੍ਹ, 18 ਅਪ੍ਰੈਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਅੱਤਵਾਦ ਵਿਰੁੱਧ ਚੱਲ ਰਹੀ ਜੰਗ ਵਿੱਚ ਪੰਜਾਬ ਪੁਲਿਸ ਦੀ ਮੁਸਤੈਦ ਤੇ ਨਿਰੰਤਰ ਪੈਰਵਾਈ ਸਦਕਾ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆਂ, ਜੋ ਕਿ ਪਾਕਿਸਤਾਨ-ਆਈਐਸਆਈ ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦਾ ਅਮਰੀਕਾ ਅਧਾਰਤ ਮੁੱਖ ਸੰਚਾਲਕ ਹੈ ਅਤੇ ਪਾਕਿਸਤਾਨ-ਅਧਾਰਤ ਅੱਤਵਾਦੀ ਹਰਵਿੰਦਰ ਰਿੰਦਾ ਦਾ ਨਜ਼ਦੀਕੀ ਸਹਿਯੋਗੀ ਹੈ, ਨੂੰ ਸੈਕਰਾਮੈਂਟੋ, ਅਮਰੀਕਾ ਵਿੱਚ ਗ੍ਰਿਫਤਾਰ ਕਰਨ ਵਿੱਚ ਵੱਡੀ ਸਫ਼ਲਤਾ ਮਿਲੀ ਹੈ।
ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਇਸਨੂੰ ਇੱਕ ਵੱਡੀ ਸਫਲਤਾ ਕਰਾਰ ਦਿੰਦਿਆਂ ਕਿਹਾ , ‘‘ ਅਮਰੀਕੀ ਅਥਾਰਟੀਆਂ ਵੱਲੋਂ ਹੈਪੀ ਪਾਸੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਘੋਸ਼ਣਾ ਕਰਨ ਦੇ ਨਾਲ, ਅੱਜ ਆਈਐਸਆਈ-ਸਮਰਥਿਤ ਅੱਤਵਾਦੀ ਨੈੱਟਵਰਕਾਂ ’ਤੇ ਸ਼ਿਕੰਜਾ ਕੱਸਣ ਵਿੱਚ ਇੱਕ ਵੱਡਾ ਮੀਲ ਪੱਥਰ ਸਥਾਪਿਤ ਕੀਤਾ ਗਿਆ ਹੈ। ਇਹ ਅਮਰੀਕਾ ਅਤੇ ਭਾਰਤ ਵਿਚਕਾਰ ਸ਼ਾਨਦਾਰ ਅੰਤਰਰਾਸ਼ਟਰੀ ਸਹਿਯੋਗ ਅਤੇ ਸੂਚਨਾ ਦੇ ਆਦਾਨ-ਪ੍ਰਦਾਨ ਦਾ ਨਤੀਜਾ ਹੈ,’’ । ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਕੇਂਦਰੀ ਏਜੰਸੀਆਂ ਨਾਲ ਨਿਰੰਤਰ ਰੂਪ ਵਿਚ ਖੁਫੀਆ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ ।
ਜਾਣਕਾਰੀ ਅਨੁਸਾਰ, ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਅਤੇ ਯੂ.ਐਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ 17 ਅਪ੍ਰੈਲ, 2025 ਨੂੰ ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਹੈਪੀ ਪਾਸੀਆਂ ਨੂੰ ਗ੍ਰਿਫ਼ਤਾਰ ਕੀਤਾ ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅੰਮ੍ਰਿਤਸਰ ਦੇ ਪਿੰਡ ਪਾਸੀਆਂ ਦੇ ਰਹਿਣ ਵਾਲੇ ਹੈਪੀ ਪਾਸੀਆਂ ਨੇ ਅਪਰਾਧਿਕ ਗਤੀਵਿਧੀਆਂ ਦੀ ਸ਼ੁਰੂਆਤ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਉਸਦੇ ਅਮਰੀਕਾ ਸਥਿਤ ਸਾਥੀਆਂ ਦਰਮਨ ਕਾਹਲੋਂ ਅਤੇ ਅੰਮ੍ਰਿਤ ਬਲ ਨਾਲ ਕੀਤੀ ਸੀ। ਬਾਅਦ ਵਿੱਚ, ਹੈਪੀ ਪਾਸੀਆਂ ਪਾਕਿਸਤਾਨ ਹਮਾਇਤ ਪ੍ਰਾਪਤ ਆਈਐਸਆਈ ਦੀ ਸਿੱਧੀ ਅਗਵਾਈ ਹੇਠ ਕੰਮ ਕਰਨ ਵਾਲੇ ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਰਿੰਦਾ ਦਾ ਮੁੱਖ ਸਾਥੀ ਬਣ ਗਿਆ।
ਉਨ੍ਹਾਂ ਕਿਹਾ ਕਿ ਹੈਪੀ ਪਾਸੀਆ ਪੰਜਾਬ ਵਿੱਚ ਆਈਐਸਆਈ-ਸਮਰਥਿਤ ਅੱਤਵਾਦੀ ਮਾਡਿਊਲਾਂ ਦਾ ਮੁੱਖ ਹੈਂਡਲਰ ਸੀ ਅਤੇ 2023-2025 ਦੇ ਵਿਚਕਾਰ ਰਾਜ ਭਰ ਵਿੱਚ ਮਿੱਥ ਕੀਤੇ ਕਤਲ, ਪੁਲਿਸ ਅਸਟੈਬਲਿਸ਼ਮੈਂਟਸ ’ਤੇ ਗ੍ਰਨੇਡ ਹਮਲੇ ਅਤੇ ਜਬਰਨ ਵਸੂਲੀ ਆਦਿ ਵਿੱਚ ਉਸਦੀ ਅਹਿਮ ਭੂਮਿਕਾ ਰਹੀ ਹੈ।
ਡੀਜੀਪੀ ਨੇ ਕਿਹਾ, ‘‘ਸਾਡੀ ਜਾਂਚ ਵਿੱਚ ਸਤੰਬਰ 2024 ਤੋਂ ਬਾਅਦ ਸੂਬੇ ਵਿੱਚ ਹੋਈਆਂ ਜ਼ਿਆਦਾਤਰ ਅੱਤਵਾਦੀ ਵਾਰਦਾਤਾਂ ਵਿੱਚ ਹੈਪੀ ਪਾਸੀਆਂ ਦੀ ਸਿੱਧੀ ਸ਼ਮੂਲੀਅਤ ਪਾਈ ਗਈ ਹੈ,’’ । ਜ਼ਿਕਰਯੋਗ ਹੈ ਕਿ ਪਾਸੀਆਂ ਅਮਰੀਕਾ ਵਿੱਚ ਬੈਠ ਕੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਸੀ ਅਤੇ ਨੌਜਵਾਨਾਂ ਪੈਸੇ ਅਤੇ ਨਸ਼ੇ ਬਦਲੇ ਵਰਗਲਾਕੇ ਇਨ੍ਹਾਂ ਕਾਰਵਾਈਆਂ ਨੂੰ ਅੰਜਾਮ ਦਿੰਦਾ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਹੈਪੀ ਪਾਸੀਆ ਦੁਆਰਾ ਸ਼ੁਰੂ ਕੀਤੇ ਸਾਰੇ ਅੱਤਵਾਦੀ ਮਾਡਿਊਲਾਂ ਨੂੰ ਬਾਰੀਕੀ ਨਾਲ ਟਰੈਕ ਕੀਤਾ ਹੈ ਅਤੇ ਉਨ੍ਹਾਂ ਨੂੰ ਸਫਲਤਾਪੂਰਵਕ ਨਸ਼ਟ ਕੀਤਾ । ਉਨ੍ਹਾਂ ਇਹ ਵੀ ਕਿਹਾ ਕਿ ਪਾਸੀਆ ਦੀਆਂ ਗਤੀਵਿਧੀਆਂ ਬਾਰੇ ਇੱਕ ਵਿਆਪਕ ਡੋਜ਼ੀਅਰ ਕੇਂਦਰੀ ਏਜੰਸੀਅ, ਜੋ ਕਿ ਅੱਗੋਂ ਅਮਰੀਕੀ ਅਧਾਰਟੀਆਂ ਨਾਲ ਸਾਂਝਾ ਕੀਤਾ ਗਿਆ ਸੀ, ਜਿਸ ਕਾਰਨ ਉਸਦੀ ਗ੍ਰਿਫਤਾਰੀ ਸੰਭਵ ਹੋਈ। ਉਨ੍ਹਾਂ ਕਿਹਾ, ‘‘ਪੰਜਾਬ ਪੁਲਿਸ ਨੇ ਕਾਨੂੰਨ ਅਨੁਸਾਰ ਪਾਸੀਆ ਦੀ ਭਾਰਤ ਹਵਾਲਗੀ ਲਈ ਪ੍ਰਕਿਰਿਆ ਸ਼ੁਰੂ ਕਰਨ ਲਈ ਕੇਂਦਰੀ ਏਜੰਸੀਆਂ ਕੋਲ ਮਾਮਲਾ ਪਹਿਲਾਂ ਹੀ ਉਠਾਇਆ ਹੈ,’’।
ਡੀਜੀਪੀ ਗੌਰਵ ਯਾਦਵ ਨੇ ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਪਰਾਧੀ ਕਿੰਨਾ ਵੀ ਸ਼ਾਤਿਰ ਹੋਵੇ ਪਰ ਇੱਕ ਨਾ ਇੱਕ ਦਿਨ ਉਸ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਉਨ੍ਹਾਂ ਦੁਹਰਾਇਆ ਕਿ ਪੰਜਾਬ ਪੁਲਿਸ ਸੂਬੇ ਨੂੰ ਸੁਰੱਖਿਅਤ ਰੱਖਣ ਲਈ ਪੂਰੀ ਤਰ੍ਹਾਂ ਮੁਸਤੈਦ ਅਤੇ ਦ੍ਰਿੜ ਹੈ।
Get all latest content delivered to your email a few times a month.