ਤਾਜਾ ਖਬਰਾਂ
ਵਿਧਾਇਕ ਮਾਲੇਰਕੋਟਲਾ ਨੇ ਪਿੰਡ ਫਰਵਾਲੀ,ਝਨੇਰ ਅਤੇ ਸ਼ੇਰਗੜ੍ਹ ਚੀਮਾਂ ਦੇ ਸਰਕਾਰੀ ਸਕੂਲ 'ਚ 20.65 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਅਹਿਮਦਗੜ੍ਹ/ਮਾਲੇਰਕੋਟਲਾ 17 ਅਪ੍ਰੈਲ(ਭੁਪਿੰਦਰ ਗਿੱਲ) - ਮਾਲੇਰਕੋਟਲਾ ਦੇ ਵਿਧਾਇਕ ਡਾ ਜਮੀਲ ਉਰ ਰਹਿਮਾਨ ਨੇ ਅੱਜ ਪੰਜਾਬ ਸਰਕਾਰ ਵੱਲੋਂ ਆਰੰਭੀ 'ਪੰਜਾਬ ਸਿੱਖਿਆ ਕ੍ਰਾਂਤੀ' ਤਹਿਤ ਸਰਕਾਰੀ ਹਾਈ ਸਕੂਲ ਫਰਵਾਲੀ,ਸਰਕਾਰੀ ਹਾਈ ਸਕੂਲ ਝਨੇਰ ਅਤੇ ਸਰਕਾਰੀ ਮਿਡਲ ਸਕੂਲ ਸ਼ੇਰਗੜ੍ਹ ਚੀਮਾਂ ਵਿਖੇ 20 ਲੱਖ 65 ਹਜਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਕਮਰੇ, ਚਾਰਦੀਵਾਰੀ ,ਚਾਰਦੀਵਾਰੀ ਦੀ ਰਿਪੇਅਰ ਅਤੇ ਹੋਰ ਵਿਕਾਸ ਕਾਰਜਾਂ ਦਾ ਉਘਾਟਨ ਕਰਨ ਉਪਰੰਤ ਵਿਦਿਆਰਥੀਆਂ ਦੇ ਸਮਰਪਿਤ ਕੀਤੇ। ਇਸ ਮੌਕੇ ਵਿਧਾਇਕ ਮਾਲੇਰਕੋਟਲਾ ਦੀ ਪਤਨੀ ਫਰਿਆਲ ਰਹਿਮਾਨ ਵੀ ਮੌਜੂਦ ਸਨ ।
ਨਵੀਂ ਸਿੱਖਿਆ ਕ੍ਰਾਂਤੀ ਦੀ ਵਧਾਈ ਦਿੰਦਿਆ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਕਿਹਾ ਕਿ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਜੋ ਸੁਪਨਾ 2022 ਵਿੱਚ ਲੋਕਾਂ ਨੂੰ ਦਿਖਾਇਆ ਸੀ ਹੁਣ ਪੰਜਾਬ ਸਰਕਾਰ ਉਸਨੂੰ ਸਾਕਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਆਪ ਸਰਕਾਰ ਦੀ ਵਿਸ਼ੇਸ਼ ਪਹਿਲਕਦਮੀ ਸਦਕਾ ਅੱਜ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਹਨ। ਲੋਕਾਂ ਵੱਲੋਂ ਨਿਜੀ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ਨੂੰ ਤਰਜੀਹ ਦੇਣ ਕਰਕੇ ਇਨ੍ਹਾਂ ਸਕੂਲਾਂ ਵਿੱਚ ਦਾਖਲਿਆਂ ਲਈ ਲਾਈਨਾ ਲੱਗ ਰਹੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇਨ੍ਹਾਂ ਸਕੂਲਾਂ ਦਾ ਵਕਾਰ ਅਤੇ ਲੋਕਾਂ ਦਾ ਵਿਸ਼ਵਾਸ਼ ਬਹਾਲ ਕੀਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਜੋ ਸਿੱਖਿਆ ਦਾ ਮਾਡਲ ਬਣਾਇਆ ਉਸ ਦੀ ਦੇਸ਼ ਤੇ ਵਿਦੇਸ਼ਾਂ ਵਿੱਚ ਸ਼ਲਾਘਾ ਹੋਈ ਹੈ, ਜਿਸ ਤਹਿਤ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ 'ਚ ਸਿਖਲਾਈ, ਨਵੇਂ ਸਕੂਲ ਆਫ਼ ਐਮੀਨੈਂਸ, ਕਿੱਤਾਮੁਖੀ ਸਿੱਖਿਆ ਅਤੇ ਅਧਿਆਪਕਾਂ ਦੀ ਭਰਤੀ ਕੀਤੀ ਗਈ, ਜਿਸ ਨਾਲ ਸਕੂਲਾਂ 'ਚ ਸੁਰੱਖਿਆ ਤੇ ਸਿੱਖਿਆ ਦਾ ਵਾਤਵਰਣ ਬਣਿਆ ਹੈ ਅਤੇ ਬੱਚੇ ਸਿੱਖਿਆ ਸਮੇਤ ਹੋਰ ਸਹਿ ਵਿੱਦਿਅਕ ਖੇਤਰਾਂ 'ਚ ਮੱਲਾਂ ਮਾਰ ਰਹੇ ਹਨ।
ਸਕੂਲ ਪ੍ਰਿੰਸੀਪਲਾਂ ਨੇ ਵਿਧਾਇਕ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ । ਸਮਾਗਮ ਦੌਰਾਨ ਪੁੱਜੇ ਮਾਪਿਆਂ ਤੇ ਵਾਰਸਾਂ ਆਦਿ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਨਵੇਂ ਬੁਨਿਆਦੀ ਢਾਂਚੇ ਦਾ ਉਨ੍ਹਾਂ ਦੇ ਬੱਚਿਆਂ ਨੂੰ ਬਹੁਤ ਲਾਭ ਹੋਵੇਗਾ। ਜਦੋਂਕਿ ਵਿਦਿਆਰਥੀਆਂ ਨੇ ਵੀ ਸਕੂਲ ਵਿੱਚ ਨਵੇਂ ਸਾਜੋ-ਸਮਾਨ ਨੂੰ ਆਪਣੇ ਲਈ ਲਾਭਕਾਰੀ ਦੱਸਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਵੇਂ ਸਿੱਖਿਆ ਵਾਤਾਵਰਣ ਦਾ ਬਹੁਤ ਲਾਭ ਹੋ ਰਿਹਾ ਹੈ।ਇਸ ਮੌਕੇ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।
ਇਸ ਮੌਕੇ ਵਿਧਾਇਕ ਮਾਲੇਰਕੋਟਲਾ ਨੇ 3 ਲੱਖ ਪ੍ਰਤੀ ਸਕੂਲ ਵਿਸ਼ੇਸ ਗਰਾਂਟ ਦੇਣ ਦਾ ਐਲਾਨ ਵੀ ਕੀਤਾ ਅਤੇ 21 ਹਜਾਰ ਰੁਪਏ ਪ੍ਰਤੀ ਸਕੂਲ ਵਿਦਿਆਰਥੀਆਂ ਨੂੰ ਰਿਫਰੈਸਮੈਂਟ ਵਜੋਂ ਦਿੱਤੇ । ਇਸ ਮੌਕੇ ਹੈਡਮਾਸਟਰ ਫਰਵਾਲੀ ਮਨਦੀਪ ਸਿੰਘ,ਮੁਹੰਮਦ ਹਬੀਬ, ਮੁਹੰਮਦ ਅਸਰਦ ,ਬੀ.ਐਨ.ਓ ਇਮਾਰਨ, ਸਰਪੰਚ ਫਰਵਾਲੀ ਗੁਰਮੁੱਖ ਸਿੰਘ,ਜਸਵਿੰਦਰ ਸਿੰਘ ਜੱਸੂ,ਮਨਜੀਤ ਸਿੰਘ,ਬਿਕਾਰ ਸਿੰਘ, ਸਰਕਾਰੀ ਹਾਈ ਸਕੂਲ ਝਨੇਰ, ਸਰਕਾਰੀ ਹਾਈ ਸਕੂਲ ਝਨੇਰ ਅਨਵਰ ਅਲੀ ,ਸਰਪੰਚ ਜਸਵਿੰਦਰ ਸਿੰਘ,ਦੀਪਤੀ ਗਰਗ,ਰਸਮਿੰਦਰ ਕੌਰ ਤੋਂ ਇਲਾਵਾ ਹੋਰ ਪਿੰਡਾਂ ਦੇ ਮੋਹਤਬਰ, ਮਾਪੇ ਅਤੇ ਵਿਦਿਆਰਥੀ ਮੌਜੂਦ ਸਨ ।
Get all latest content delivered to your email a few times a month.