ਤਾਜਾ ਖਬਰਾਂ
ਚੰਡੀਗੜ੍ਹ, 17 ਅਪ੍ਰੈਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜੰਗਲਾਤ ਅਧੀਨ ਰਕਬੇ ਨੂੰ ਵਧਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਅਤੇ ਹਰਿਆ ਭਰਿਆ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਵੱਖ-ਵੱਖ ਪ੍ਰਾਜੈਕਟ ਚਲਾਏ ਜਾ ਰਹੇ ਹਨ।
ਇਹ ਵਿਚਾਰ ਅੱਜ ਇੱਥੇ ਸੈਕਟਰ-68 ਦੇ ਜੰਗਲਾਤ ਕੰਪਲੈਕਸ ਵਿਖੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ 2024-25 ਵਿੱਚ ਵਿਭਾਗ ਵੱਲੋਂ ਕੀਤੇ ਗਏ ਪ੍ਰਾਜੈਕਟਾਂ ਅਤੇ 2025-26 ਵਿੱਚ ਸ਼ੁਰੂ ਕੀਤੇ ਜਾਣ ਵਾਲੇ ਭਵਿੱਖਮੁਖੀ ਕਾਰਜਾਂ ਦੀ ਸਮੀਖਿਆ ਲਈ ਕਰਵਾਈ ਮੀਟਿੰਗ ਦੌਰਾਨ ਪ੍ਰਗਟ ਕੀਤੇ।
ਮੰਤਰੀ ਨੂੰ ਦੱਸਿਆ ਗਿਆ ਕਿ 2024-25 ਦੌਰਾਨ ਵੱਖ-ਵੱਖ ਕੰਮਾਂ 'ਤੇ ਲਗਭਗ 155 ਕਰੋੜ ਰੁਪਏ ਖਰਚ ਕੀਤੇ ਗਏ ਹਨ। ਪੌਦੇ ਲਗਾਉਣ ਦੇ ਕੰਮਾਂ ਦੇ ਨਾਲ-ਨਾਲ ਮਹਿਲਾ ਕਰਮਚਾਰੀਆਂ ਦੀ ਸਹੂਲਤ ਲਈ ਸੂਬੇ ਦੀਆਂ ਨਰਸਰੀਆਂ ਵਿੱਚ ਬਣਾਏ ਗਏ ਪਖਾਨਿਆਂ ਬਾਰੇ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਸਾਲ 2023-24 ਦੌਰਾਨ 100 ਨਰਸਰੀਆਂ ਵਿੱਚ, 2024-25 ਸੀਜ਼ਨ ਦੌਰਾਨ 78 ਨਰਸਰੀਆਂ ਵਿੱਚ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਹੈ ਜਦੋਂ ਕਿ 2025-26 ਸੀਜ਼ਨ ਦੌਰਾਨ ਬਾਕੀ ਰਹਿੰਦੀਆਂ ਨਰਸਰੀਆਂ ਵਿੱਚ ਵੀ ਪਖਾਨਿਆਂ ਦਾ ਨਿਰਮਾਣ ਪੂਰਾ ਕੀਤਾ ਜਾਵੇਗਾ। ਮੌਜੂਦਾ ਸੀਜ਼ਨ ਦੌਰਾਨ ਲਗਭਗ 1 ਕਰੋੜ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਸਬੰਧੀ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਇਹਨਾਂ ਪੌਦਿਆਂ ਦੀ ਸਹੀ ਦੇਖਭਾਲ ਅਤੇ ਰੱਖ-ਰਖਾਅ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ।
ਰੁੱਖਾਂ ਦੀ ਗਣਨਾ ਬਾਰੇ ਮੰਤਰੀ ਨੂੰ ਦੱਸਿਆ ਗਿਆ ਕਿ ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਸੜਕਾਂ ਅਤੇ ਨਹਿਰਾਂ ਦੇ ਕੰਢਿਆਂ 'ਤੇ ਖੜ੍ਹੇ ਰੁੱਖਾਂ ਦੇ ਸਬੰਧ ਵਿੱਚ ਹਰ 5 ਸਾਲਾਂ ਬਾਅਦ ਕੀਤੀ ਜਾਂਦੀ ਹੈ।
ਮੰਤਰੀ ਨੇ 'ਨਾਨਕ ਬਗੀਚੀਆਂ' ਅਤੇ 'ਪਵਿਤਰ ਵਣਾਂ' ਵਿੱਚ ਜਾਮੁਨ, ਬੋਹੜ ਅਤੇ ਆਂਵਲਾ ਵਰਗੇ ਹੋਰ ਫਲਦਾਰ ਰੁੱਖ ਲਗਾਉਣ ਦੇ ਨਿਰਦੇਸ਼ ਦਿੱਤੇ ਅਤੇ ਵੀ.ਸੀ. ਦੌਰਾਨ ਮੌਜੂਦ ਡੀ.ਐਫ.ਓਜ਼ ਨੂੰ ਹਾਈਵੇਅ ਦੇ ਨਾਲ ਪੌਦੇ ਲਗਾਉਣ ਲਈ ਵੀ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਵਾਤਾਵਰਣ ਪਾਰਕਾਂ ਨੂੰ ਵਿਕਸਿਤ ਕਰਨ ਅਤੇ ਜੰਗਲੀ ਜੀਵ ਰੱਖਾਂ ਜਿਵੇਂ ਕਥਲੌਰ ਜੰਗਲੀ ਜੀਵ ਰੱਖ, ਸੋਹੀਆਂ ਬੀੜ ਖੇਤਰ ਅਤੇ ਬਮਿਆਲ ਵਰਗੇ ਹੋਰ ਸੁੰਦਰ ਸਥਾਨਾਂ 'ਤੇ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਮੁੱਖ ਵਣਪਾਲ (ਫੌਰੈਸਟ ਫੋਰਸ ਦੇ ਮੁਖੀ) ਧਰਮਿੰਦਰ ਸ਼ਰਮਾ, ਏ.ਪੀ.ਸੀ.ਸੀ.ਐਫ.-ਕਮ-ਸੀ.ਈ.ਓ., ਪਨਕੈਂਪਾ ਸੌਰਵ ਗੁਪਤਾ ਅਤੇ ਏ.ਪੀ.ਸੀ.ਸੀ.ਐਫ. (ਪ੍ਰਸ਼ਾਸਨ) ਬਸੰਤ ਰਾਜ ਕੁਮਾਰ ਮੌਜੂਦ ਸਨ।
Get all latest content delivered to your email a few times a month.