IMG-LOGO
ਹੋਮ ਪੰਜਾਬ: ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਜਾਬ ਵਿੱਚ ਛੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ...

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਜਾਬ ਵਿੱਚ ਛੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਆਈ.ਪੀ.ਡੀ. ਸੇਵਾਵਾਂ ਦਾ ਆਗ਼ਾਜ਼

Admin User - Apr 17, 2025 05:54 PM
IMG

 ⁠ਪਸ਼ੂ ਪਾਲਣ ਮੰਤਰੀ ਨੇ ਪਿੰਡ ਬਾਦਲ ਵਿਖੇ ਸਰਕਾਰੀ ਵੈਟਰਨਰੀ ਪੌਲੀਕਲੀਨਿਕ ਵਿੱਚ ਇਨ-ਪੇਸ਼ੈਂਟ ਡਿਪਾਰਟਮੈਂਟ (ਆਈ.ਪੀ.ਡੀ.) ਵਾਰਡ ਦਾ ਕੀਤਾ ਉਦਘਾਟਨ


ਚੰਡੀਗੜ੍ਹ/ਲੰਬੀ, 17 ਅਪ੍ਰੈਲ:ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ  ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਾਲਤੂ ਜਾਨਵਰਾਂ ਅਤੇ ਪਸ਼ੂਆਂ ਨੂੰ ਬਿਹਤਰੀਨ ਸਿਹਤ ਸੰਭਾਲ ਸੇਵਾਵਾਂ ਯਕੀਨੀ ਬਣਾਉਣ ਲਈ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਾਦਲ ਵਿਖੇ ਸਰਕਾਰੀ ਵੈਟਰਨਰੀ ਪੌਲੀਕਲੀਨਿਕ ਵਿਖੇ ਅਤਿ-ਆਧੁਨਿਕ ਇਨ-ਪੇਸ਼ੈਂਟ ਡਿਪਾਰਟਮੈਂਟ (ਆਈਪੀਡੀ) ਵਾਰਡ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ ਹੀ ਸੂਬੇ ਭਰ ਦੇ ਛੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਪਸ਼ੂਆਂ ਲਈ ਇਨ-ਪੇਸ਼ੈਂਟ ਡਿਪਾਰਟਮੈਂਟ (ਆਈਪੀਡੀ) ਸੇਵਾਵਾਂ ਸ਼ੁਰੂ ਹੋ ਗਈਆਂ ਹਨ।


ਇਸ ਉਦਘਾਟਨੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪਟਿਆਲਾ, ਅੰਮ੍ਰਿਤਸਰ, ਸੰਗਰੂਰ, ਗੁਰਦਾਸਪੁਰ ਅਤੇ ਲੁਧਿਆਣਾ ਦੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਵੀ ਇਨਡੋਰ ਸੇਵਾਵਾਂ ਸ਼ੁਰੂ ਕਰਨ ਲਈ ਸਾਰੇ ਲੋੜੀਂਦੇ ਉਪਕਰਣ ਪ੍ਰਦਾਨ ਕੀਤੇ ਜਾ ਚੁੱਕੇ ਹਨ। ਇਨ੍ਹਾਂ ਪੌਲੀਕਲੀਨਿਕਾਂ ਵਿੱਚ ਪਾਲਤੂ ਜਾਨਵਰਾਂ ਅਤੇ ਪਸ਼ੂਆਂ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਗੰਭੀਰ ਬਿਮਾਰੀ ਪ੍ਰਬੰਧਨ, ਸਰਜਰੀਆਂ, ਪੋਸਟ-ਆਪਰੇਟਿਵ ਦੇਖਭਾਲ, ਰੁਟੀਨ ਚੈੱਕ-ਅੱਪ, ਡਾਇਗਨੌਸਿਸ (ਲੈਬ ਟੈਸਟ, ਐਕਸ-ਰੇ ਅਤੇ ਅਲਟਰਾਸਾਊਂਡ) ਅਤੇ ਹੋਰ ਸੇਵਾਵਾਂ ਸ਼ਾਮਲ ਹਨ।


ਅੱਜ ਛੇ ਪੌਲੀਕਲੀਨਿਕਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਆਈਪੀਡੀ ਸੇਵਾਵਾਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਪੌਲੀਕਲੀਨਿਕ ਪਸ਼ੂ ਪਾਲਕਾਂ ਨੂੰ ਉਨ੍ਹਾਂ ਦੇ ਪਸ਼ੂਆਂ ਲਈ ਲੋੜੀਂਦੀ ਦੇਖਭਾਲ ਅਤੇ ਇਲਾਜ ਪ੍ਰਦਾਨ ਕਰਨਗੇ। 

ਪਹਿਲਾਂ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਇਨਡੋਰ ਸਹੂਲਤਾਂ ਦੀ ਘਾਟ ਕਾਰਨ ਪਸ਼ੂ ਪਾਲਕਾਂ ਨੂੰ ਜਾਨਵਰਾਂ ਦੀਆਂ ਸਰਜਰੀਆਂ ਤੋਂ ਬਾਅਦ ਕਈ ਚੁਣੌਤੀਆਂ ਦਰਪੇਸ਼ ਆਉਂਦੀਆਂ ਸਨ। ਕਈ ਵਾਰ ਟਾਂਕੇ ਖਰਾਬ ਹੋਣ, ਟਾਂਕੇ ਖੁੱਲ੍ਹ ਜਾਣ, ਇਨਫੈਕਸ਼ਨ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਈ ਵਾਰੀ ਤਾਂ ਜਾਨਵਰਾਂ ਦੀ ਮੌਤ ਵੀ ਹੋ ਜਾਂਦੀ ਸੀ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਸੀ। ਕਿਸਾਨਾਂ ਕੋਲ ਅਕਸਰ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਢੁਕਵੇਂ ਸਾਧਨਾਂ ਦੀ ਵੀ ਘਾਟ ਸੀ।

ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਦੇ ਛੇ ਜ਼ਿਲ੍ਹਿਆਂ ਦੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਆਈਪੀਡੀ ਵਾਰਡ ਸਥਾਪਤ ਕੀਤੇ ਹਨ, ਜਿਹਨਾਂ ਵਿੱਚ ਜਾਨਵਰਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੱਕ ਦਾਖਲ ਰੱਖਿਆ ਜਾ ਸਕੇਗਾ। ਉਨ੍ਹਾਂ ਅੱਗੇ ਕਿਹਾ ਕਿ ਇਹ ਪੌਲੀਕਲੀਨਿਕਾਂ ਵਿੱਚ ਵਿਸ਼ੇਸ਼ ਦੇਖਭਾਲ ਵੀ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਵਿੱਚ ਆਬਜ਼ਰਵੇਸ਼ਨ ਵਾਰਡ ਅਤੇ ਪੁਨਰਵਾਸ ਪ੍ਰੋਗਰਾਮ ਸ਼ਾਮਲ ਹਨ।

ਗੁਰਮੀਤ ਸਿੰਘ ਖੁੱਡੀਆਂ ਨੇ ਪਸ਼ੂ ਮਾਲਕਾਂ ਨੂੰ ਪਸ਼ੂਆਂ ਨੂੰ ਮੂੰਹ-ਖੁਰ ਬਿਮਾਰੀ (ਐਫਐਮਡੀ) ਤੋਂ ਬਚਾਉਣ ਲਈ ਟੀਕਾਕਰਨ ਕਰਵਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ 65 ਲੱਖ ਤੋਂ ਵੱਧ ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਰਾਜ ਵਿਆਪੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਨੇ ਮਈ 2025 ਦੇ ਅੰਤ ਤੱਕ ਇਸ ਕਾਰਜ ਨੂੰ ਮੁਕੰਮਲ ਕਰਨ ਲਈ 1600 ਤੋਂ ਵੱਧ ਟੀਮਾਂ ਬਣਾਈਆਂ ਹਨ। ਉਨ੍ਹਾਂ ਨੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਪਸ਼ੂਆਂ ਨੂੰ ਸੈਕਸ ਸੌਰਟਡ ਸੀਮਨ ਨਾਲ ਇਨਸੈਮੀਨੇਟ ਕਰਵਾਉਣ ਤਾਂ ਜੋ ਸੂਬੇ ਵਿੱਚ ਉੱਚ ਨਸਲ ਦੇ ਪਸ਼ੂ ਪੈਦਾ ਕਰਕੇ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਜੀ.ਐਸ. ਬੇਦੀ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ  ਰਾਹੁਲ ਭੰਡਾਰੀ ਦੀ ਅਗਵਾਈ ਹੇਠ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ 'ਤੇ ਚਾਨਣਾ ਪਾਇਆ, ਜਿਸ ਵਿੱਚ 97 ਤਹਿਸੀਲਾਂ ਅਤੇ 22 ਪੌਲੀਕਲੀਨਿਕਾਂ ਵਿੱਚ ਸੱਪ ਦੇ ਜ਼ਹਿਰ ਵਿਰੋਧੀ ਇਲਾਜ ਦੀ ਸਹੂਲਤ, ਰਾਜ ਵਿੱਚ ਮੁਫ਼ਤ ਡੀਵੌਰਮਿੰਗ ਮੁਹਿੰਮ, ਘੋੜਿਆਂ ਲਈ ਮੁਫ਼ਤ ਐਂਟੀ ਟੈਟਨਸ ਟੀਕਾਕਰਨ, ਅਤੇ ਪੰਜਾਬ ਵਿੱਚ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਅਤੇ ਬਰੀਡਰਾਂ ਦੀ ਰਜਿਸਟ੍ਰੇਸ਼ਨ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਪਸ਼ੂਆਂ ਦੀ ਭਲਾਈ ਲਈ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.