ਤਾਜਾ ਖਬਰਾਂ
ਲੁਧਿਆਣਾ ਦੇ ਸ਼ਾਸਤਰੀ ਨਗਰ ਦੇ ਇੱਕ ਨਿੱਜੀ ਸਕੂਲ ਬਾਹਰ ਮਾਪਿਆਂ ਨੇ ਵਧੀਆਂ ਫੀਸਾਂ ਦੇ ਰੋਸ ਵਜੋਂ ਧਰਨਾ ਦਿੱਤਾ। ਜ਼ਿਕਰਯੋਗ ਹੈ ਕਿ ਅੱਜ (16 ਅਪ੍ਰੈਲ) ਨੂੰ ਹੀ ਇਸ ਸਕੂਲ ਵਿੱਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਆ ਰਹੇ ਹਨ। ਉਹਨਾਂ ਨੇ ਇੱਥੇ ਹੋਣ ਵਾਲੇ ਇੱਕ ਸਮਾਗਮ ਵਿੱਚ ਹਿੱਸਾ ਲੈਣਾ ਹੈ। ਪਰ ਰਾਜਪਾਲ ਤੋਂ ਪਹਿਲਾਂ ਹੀ ਇਸ ਸਕੂਲ ਵਿੱਚ ਪੜ੍ਹਣ ਵਾਲੇ ਬੱਚਿਆਂ ਦੇ ਮਾਪਿਆਂ ਵੱਲੋਂ ਗੇਟ ਦੇ ਬਾਹਰ ਧਰਨਾ ਦੇ ਦਿੱਤਾ ਗਿਆ ਅਤੇ ਵਧੀਆ ਹੋਈਆਂ ਫੀਸਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਗਈ। ਮਾਪਿਆਂ ਨੇ ਕਿਹਾ ਕਿ ਵਧਦੀ ਮਹਿੰਗਾਈ ਵਿੱਚ ਸਕੂਲਾਂ ਦੀਆਂ ਫੀਸਾਂ ਮਾਪਿਆਂ ਉੱਪਰ ਵਾਧੂ ਬੋਧ ਹਨ।
ਉਧਰ ਪ੍ਰੋਗਰਾਮ ਦੌਰਾਨ ਪਹੁੰਚੇ ਵਿਧਾਇਕ ਕੁਲਵੰਤ ਸਿੱਧੂ ਨੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਕਿਹਾ ਕਿ ਜੇਕਰ ਅਜਿਹੀ ਕੋਈ ਗੱਲ ਹੈ ਤਾਂ ਸਕੂਲ ਪ੍ਰਸ਼ਾਸਨ ਖਿਲਾਫ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਵੱਲੋਂ ਮਾਪਿਆਂ ਨੂੰ ਸਮਝਾਇਆ ਗਿਆ ਕਿ ਰਾਜਪਾਲ ਦੇ ਪ੍ਰੋਗਰਾਮ ਕਾਰਨ ਉਹ ਧਰਨਾ ਨਾ ਦੇਣ। ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨੇ ਨੂੰ ਖ਼ਤਮ ਕਰ ਦਿੱਤਾ।
ਉਧਰ ਪ੍ਰਦਰਸ਼ਨਕਾਰੀ ਮਾਪਿਆਂ ਨੇ ਕਿਹਾ ਕਿ 6000 ਕੁਾਰਟਰ ਲਈ ਫੀਸ ਵਿੱਚ ਵਾਧਾ ਕੀਤਾ ਗਿਆ ਹੈ ਜੋ ਲਗਭਗ 28% ਦੇ ਕਰੀਬ ਫੀਸ ਵਿੱਚ ਵਾਧਾ ਹੈ। ਉਹਨਾਂ ਕਿਹਾ ਕਿ ਇਹ ਸਭ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਮਰਹੂਮ ਵਿਧਾਇਕ ਗੋਗੀ ਨੇ ਸਕੂਲ ਨਾਲ ਗੱਲ ਕਰਕੇ ਮਸਲਾ ਹੱਲ ਕਰਵਾਇਆ ਗਿਆ ਸੀ ਪਰ ਹੁਣ ਮੁੜ ਤੋਂ ਫੀਸਾਂ ਵਿੱਚ ਵਾਧਾ ਕੀਤਾ ਗਿਆ ਹੈ। ਉਹਨਾਂ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਉਹ ਸਕੂਲ ਖਿਲਾਫ ਬਣਦੀ ਕਾਰਵਾਈ ਕਰੇ।
Get all latest content delivered to your email a few times a month.