ਤਾਜਾ ਖਬਰਾਂ
ਚੰਡੀਗੜ੍ਹ/ਦਿੜ੍ਹਬਾ/ ਸੰਗਰੂਰ, 13 ਅਪ੍ਰੈਲ -ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਹਰ ਸੁਵਿਧਾ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।
ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਵੱਲੋਂ ਲਿਆਂਦੀ ਜਿਣਸ ਦੀ ਬੋਲੀ ਵੀ ਲਗਵਾਈ ਅਤੇ ਮੌਕੇ ਉਤੇ ਹੀ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਫ਼ਸਲ ਦੀ ਖਰੀਦ ਕੀਤੀ ਗਈ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਕਣਕ ਦੇ ਦਾਣੇ ਦਾਣੇ ਦੀ ਖਰੀਦ ਅਤੇ ਕਿਸਾਨਾਂ ਨੂੰ ਰਾਸ਼ੀ ਦੀ ਅਦਾਇਗੀ 24 ਘੰਟਿਆਂ ਦੇ ਅੰਦਰ ਅੰਦਰ ਕਰਵਾਉਣ ਲਈ ਵਚਨਬੱਧ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੜਬਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਣਕ ਦੀ ਨਿਰਵਿਘਨ ਖਰੀਦ, ਲਿਫਟਿੰਗ, ਬਾਰਦਾਨੇ ਦੀ ਉਪਲਬਧਤਾ, ਟਰਾਂਸਪੋਰਟੇਸ਼ਨ, ਲੇਬਰ ਸਮੇਤ ਬਿਜਲੀ, ਪੀਣ ਲਈ ਸਾਫ਼ ਪਾਣੀ, ਸਾਫ਼ ਸਫ਼ਾਈ, ਪਖਾਨਿਆਂ ਦੀ ਸੁਵਿਧਾ ਸਬੰਧੀ ਕੋਈ ਵੀ ਲਾਪਰਵਾਹੀ ਨਾ ਵਰਤਣ ਲਈ ਸਪੱਸ਼ਟ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਬ ਡਵੀਜ਼ਨ ਅਧੀਨ ਆਉਂਦੀਆਂ ਸਮੂਹ ਅਨਾਜ ਮੰਡੀਆਂ ਦੀ ਨਿਗਰਾਨੀ ਉਪ ਮੰਡਲ ਮੈਜਿਸਟਰੇਟ ਦਿੜ੍ਹਬਾ ਕਰ ਰਹੇ ਹਨ ਅਤੇ ਸਾਰੀਆਂ ਸਰਕਾਰੀ ਖਰੀਦ ਏਜੰਸੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਇਸ ਮੌਕੇ ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ, ਮਾਰਕੀਟ ਕਮੇਟੀ ਦੇ ਚੇਅਰਪਰਸਨ ਪ੍ਰੋਫੈਸਰ ਜਸਵੀਰ ਕੌਰ ਸ਼ੇਰਗਿੱਲ, ਕੈਬਨਿਟ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ, ਜ਼ਿਲਾ ਮੰਡੀ ਅਫਸਰ ਕੁਲਜੀਤ ਸਿੰਘ ਸਮੇਤ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।
Get all latest content delivered to your email a few times a month.