ਤਾਜਾ ਖਬਰਾਂ
ਅੰਮ੍ਰਿਤਸਰ, 9 ਅਪ੍ਰੈਲ- ਖ਼ਾਲਸਾ ਸਾਜਣਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ 10 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਸਵੇਰੇ 8:00 ਵਜੇ ਰਵਾਨਾ ਹੋਣਗੇ। ਜਿਨ੍ਹਾਂ ਸ਼ਰਧਾਲੂਆਂ ਦੇ ਵੀਜੇ ਲੱਗੇ ਹਨ, ਉਨ੍ਹਾਂ ਨੇ ਅੱਜ ਸ਼੍ਰੋਮਣੀ ਕਮੇਟੀ ਦਫਤਰ ਤੋਂ ਆਪਣੇ ਵੀਜਾ ਲੱਗੇ ਪਾਸਪੋਰਟ ਪ੍ਰਾਪਤ ਕੀਤੇ। ਸ਼੍ਰੋਮਣੀ ਕਮੇਟੀ ਵੱਲੋਂ ਜਥੇ ਦੀ ਅਗਵਾਈ ਮੈਂਬਰ ਜੰਗ ਬਹਾਦਰ ਸਿੰਘ ਨੂੰ ਸੌਂਪੀ ਗਈ ਹੈ, ਜਦਕਿ ਉਨ੍ਹਾਂ ਨਾਲ ਜਥੇ ਦੇ ਡਿਪਟੀ ਲੀਡਰ ਵਜੋਂ ਮੈਂਬਰ ਬੀਬੀ ਜੋਗਿੰਦਰ ਕੌਰ ਬਠਿੰਡਾ ਜਾਣਗੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਰਵਿੰਦਰ ਸਿੰਘ ਖਾਲਸਾ, ਮੈਂਬਰ ਬੀਬੀ ਜਸਪਾਲ ਕੌਰ ਅਤੇ ਰਾਮਪਾਲ ਸਿੰਘ ਬਹਿਣੀਵਾਲ ਵੀ ਜਥੇ ਨਾਲ ਜਾ ਰਹੇ ਹਨ।
ਅੱਜ ਸ਼ਰਧਾਲੂਆਂ ਨੂੰ ਵੀਜਾ ਲੱਗੇ ਪਾਸਪੋਰਟ ਵੰਡਣ ਮੌਕੇ ਓਐਸਡੀ ਸਤਬੀਰ ਸਿੰਘ ਧਾਮੀ ਨੇ ਕਿਹਾ ਕਿ ਪਾਕਿਸਤਾਨ 'ਚ ਰਹਿ ਗਏ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਦੀ ਹਰ ਸਿੱਖ ਦੇ ਮਨ ਅੰਦਰ ਤਾਂਘ ਹੁੰਦੀ ਹੈ ਅਤੇ ਜਥੇ ਵਿਚ ਜਾ ਰਹੇ ਸ਼ਰਧਾਲੂਆਂ ਅੰਦਰ ਉਤਸ਼ਾਹ ਤੇ ਖੁਸ਼ੀ ਹੋਣਾ ਕੁਦਰਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਥੇ ਲਈ ਹਰ ਤਰ੍ਹਾਂ ਦੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ ਅਤੇ 10 ਅਪ੍ਰੈਲ ਨੂੰ ਸਵੇਰੇ ਸੰਗਤ ਨੂੰ ਪੰਥਕ ਰਵਾਇਤਾਂ ਅਨੁਸਾਰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ 1942 ਸ਼ਰਧਾਲੂਆਂ ਦੇ ਪਾਸਪੋਰਟ ਵੀਜੇ ਲਈ ਭੇਜੇ ਗਏ ਸਨ, ਜਿਨ੍ਹਾਂ ਨੂੰ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੇ ਵੀਜੇ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਸਾਰੇ ਸ਼ਰਧਾਲੂਆਂ ਨੂੰ ਵੀਜੇ ਮਿਲੇ ਹਨ, ਜਿਸ ਨਾਲ ਸੰਗਤ ਵਿੱਚ ਵੱਡਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਧਾਲੂ ਅੱਜ ਪਾਸਪੋਰਟ ਲੈਣ ਨਹੀਂ ਪੁੱਜ ਸਕੇ, ਉਹ ਜਥੇ ਦੀ ਰਵਾਨਗੀ ਤੋਂ ਪਹਿਲਾਂ ਆਪਣੇ ਪਾਸਪੋਰਟ ਪ੍ਰਾਪਤ ਕਰਨ।
Get all latest content delivered to your email a few times a month.