ਤਾਜਾ ਖਬਰਾਂ
ਚੰਡੀਗੜ੍ਹ, 8 ਅਪ੍ਰੈਲ: ਪੰਜਾਬ ਦੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅੱਜ ਸੂਬੇ ਭਰ ਵਿੱਚ ਡੀਵੌਰਮਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੰਬੀ ਹਲਕੇ ਤੋਂ ਕੀਤੀ ਗਈ।
ਖੁੱਡੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 7.78 ਕਰੋੜ ਰੁਪਏ ਦੀ ਲਾਗਤ ਨਾਲ ਸਮੁੱਚੇ ਪਸ਼ੂਧਨ ਨੂੰ ਮਲੱਪ ਰਹਿਤ ਕਰਨ ਲਈ ਡੀਵੌਰਮਿੰਗ ਦਵਾਈ ਖਰੀਦੀ ਹੈ ਅਤੇ ਇਹ ਦਵਾਈ ਸੂਬੇ ਭਰ ਦੇ ਕਿਸਾਨਾਂ ਨੂੰ ਮੁਫ਼ਤ ਵੰਡੀ ਜਾਵੇਗੀ।
ਅਧਿਕਾਰੀਆਂ ਨੂੰ ਇਸੇ ਹਫ਼ਤੇ ਦੇ ਅੰਦਰ ਡੀਵੌਰਮਿੰਗ ਮੁਹਿੰਮ ਨੂੰ ਮੁਕੰਮਲ ਕਰਨ ਦੇ ਨਿਰਦੇਸ਼ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਨੇ ਦਵਾਈ ਸਿੱਧੀ ਕਿਸਾਨਾਂ ਨੂੰ ਪਹੁੰਚਾਉਣ ਲਈ 2000 ਤੋਂ ਵੱਧ ਟੀਮਾਂ ਗਠਿਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਿਸੇ ਕਾਰਨ ਦਵਾਈ ਲੈਣ ਤੋਂ ਖੁੰਝ ਜਾਣਗੇ, ਉਹ ਬਾਅਦ ਵਿੱਚ ਆਪਣੇ ਕਿਸੇ ਵੀ ਨਜ਼ਦੀਕੀ ਵੈਟਰਨਰੀ ਇੰਸਟੀਚਿਊਟ ‘ਚੋਂ ਇਹ ਦਵਾਈ ਮੁਫ਼ਤ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਗਾਵਾਂ/ਮੱਝਾਂ, ਕੱਟੇ/ਕੱਟੀਆਂ, ਵੱਛੇ/ਵੱਛੀਆਂ ਦੇ ਮਲੱਪ ਰਹਿਤ ਕਰਨ ਦੀ ਦਵਾਈ ਲਈ ਏ.ਐਸ.ਸੀ.ਏ.ਡੀ. ਸਕੀਮ ਅਧੀਨ ਇਹ ਦਵਾਈ ਵੰਡੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਰਾਜ ਵਿਚ ਇਹ ਦੂਜੀ ਡੀਵਰਮਿੰਗ ਮੁਹਿੰਮ ਹੈ ਜਿਸਦਾ ਦੁੱਧ ਉਤਪਾਦਨ 'ਤੇ ਸਕਾਰਾਤਮਕ ਪ੍ਰਭਾਵ ਪੈਣ ਸਦਕਾ ਕਿਸਾਨਾਂ ਨੂੰ ਵਧੇਰੇ ਆਮਦਨ ਹੋਣ ਦੀ ਉਮੀਦ ਹੈ। ਪਿਛਲੇ ਸਾਲ ਦੀ ਮੁਹਿੰਮ ਨੂੰ ਪਸ਼ੂ ਮਾਲਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਸੀ ਅਤੇ ਉਹਨਾਂ ਵੱਲੋਂ ਇਸ ਸਾਲ ਵੀ ਇਸ ਨੂੰ ਦੁਹਰਾਉਣ ਸਬੰਧੀ ਬੇਨਤੀ ਕੀਤੀ ਗਈ ਸੀ।
ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਸਾਰੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਹਰੇਕ ਪਸ਼ੂ ਪਾਲਕ ਦੇ ਘਰ ਤੱਕ ਸਮੇਂ ਸਿਰ ਦਵਾਈ ਪਹੁੰਚਾਉਣਾ ਯਕੀਨੀ ਬਣਾਉਣ। ਇਸ ਨਾਲ ਸੂਬੇ ਦੇ ਸਾਰੇ ਜਾਨਵਰਾਂ ਨੂੰ ਮਲੱਪ ਰਹਿਤ ਕੀਤਾ ਜਾ ਸਕੇਗਾ ਜੋ ਦੁੱਧ ਉਤਪਾਦਨ ਨੂੰ ਵਧਾਉਣ ਅਤੇ ਜਾਨਵਰਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਹੋਰ ਵਧਾਉਣ ਵਿੱਚ ਸਹਾਈ ਹੋਵੇਗਾ।
ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਜੀ.ਐਸ. ਬੇਦੀ ਨੇ ਦੱਸਿਆ ਕਿ ਐਫਐਮਡੀ ਖ਼ਿਲਾਫ਼ ਟੀਕਾਕਰਨ ਤੋਂ ਪਹਿਲਾਂ ਜਾਨਵਰਾਂ ਨੂੰ ਡੀਵੌਰਮਿੰਗ ਕਰਨ ਨਾਲ ਉਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਵਧਦੀ ਹੈ ਅਤੇ ਟੀਕਾਕਰਨ ਦੀ ਪ੍ਰਭਾਵਸ਼ੀਲਤਾ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਨੇ ਸਾਰੇ ਪਸ਼ੂ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹੀਨੇ ਦੇ ਅੱਧ ਵਿੱਚ ਸ਼ੁਰੂ ਹੋਣ ਵਾਲੀ ਮੂੰਹ ਖੁਰ ਟੀਕਾਕਰਨ ਮੁਹਿੰਮ ਤੋਂ ਪਹਿਲਾਂ ਆਪਣੇ ਜਾਨਵਰਾਂ ਨੂੰ ਇਹ ਦਵਾਈ ਜ਼ਰੂਰ ਦਿਵਾਉਣ, ਤਾਂ ਜੋ ਪਸ਼ੂਧਨ ਨੂੰ ਸਿਹਤਮੰਦ ਬਣਾਇਆ ਜਾ ਸਕੇ ਅਤੇ ਸੂਬੇ ਵਿੱਚੋਂ ਮੂੰਹ-ਖੁਰ ਦੀ ਬਿਮਾਰੀ ਦਾ ਖਾਤਮਾ ਕੀਤਾ ਜਾ ਸਕੇ। ਇਹ ਦਵਾਈ ਸੂਬੇ ਭਰ ਦੇ ਸਾਰੇ ਸਿਵਲ ਵੈਟਰਨਰੀ ਹਸਪਤਾਲਾਂ ਅਤੇ ਸਿਵਲ ਵੈਟਰਨਰੀ ਡਿਸਪੈਂਸਰੀਆਂ ਵਿੱਚ ਉਪਲਬਧ ਹੈ ਅਤੇ ਪਸ਼ੂ ਪਾਲਕ ਆਪਣੇ ਨੇੜਲੇ ਵੈਟਨਰੀ ਸੰਸਥਾਵਾਂ ਤੋਂ ਪ੍ਰਾਪਤ ਕਰ ਸਕਦੇ ਹਨ।
Get all latest content delivered to your email a few times a month.