ਤਾਜਾ ਖਬਰਾਂ
ਮਾਨਸਾ, 8 ਅਪਰੈਲ, (ਜੋਗਿੰਦਰ ਸਿੰਘ ਮਾਨ)ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਇੱਕ ਵੱਡੀ ਕਾਰਵਾਈ ਹੋਈ ਹੈ, ਇਸ ਕਤਲ ਕੇਸ ਵਿੱਚ ਨਾਮਜ਼ਦ ਇੱਕ ਕਸੂਰਵਾਰ ਜੀਵਨਜੋਤ ਸਿੰਘ ਚਾਹਲ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ ਦੱਸਿਆ ਜਾਂਦਾ ਹੈ। ਉਹ ਵਿਦੇਸ਼ ਫਰਾਰ ਹੋਣ ਚੱਕਰਾਂ ’ਚ ਦਿੱਲੀ ਦੇ ਹਵਾਈ ਅੱਡੇ ’ਤੇ ਪੁੱਜਿਆ ਸੀ। ਮਾਨਸਾ ਪੁਲੀਸ ਵੱਲੋਂ ਪਹਿਲਾਂ ਤੋਂ ਹੀ ਉਸ ਸਬੰਧੀ ਲੁੱਕ ਆਊਟ ਨੋਟਿਸ ਜਾਰੀ ਕਰਨ ਤਹਿਤ ਉਹ ਹਵਾਈ ਅੱਡੇ ਤੋਂ ਪੁਲੀਸ ਦੇ ਅੜਿੱਕੇ ਚੜ੍ਹ ਗਿਆ ਹੈ। ਹੁਣ ਉਸ ਮਾਨਸਾ ਪੁਲੀਸ ਦੇ ਇੱਕ ਡੀਐਸਪੀ ਦੀ ਅਗਵਾਈ ਹੇਠ ਦੋ ਇੰਸਪੈਕਟਰ ਰੈਂਕ ਦੇ ਅਧਿਕਾਰੀ ਦਿੱਲੀ ਤੋਂ ਮਾਨਸਾ ਲੈਕੇ ਆਉਣਾ ਲਈ ਚਲੇ ਗਏ ਹਨ।
ਇਥੇ ਜ਼ਿਕਰਯੋਗ ਹੈ ਕਿ 29 ਮਈ, 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ ਦੀ ਸ਼ੂਟਰਾਂ ਵੱਲੋਂ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ।
ਇੱਕ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸਦਾ ਨਾਮ ਐਫ.ਆਈ.ਆਰ ਵਿੱਚ ਦਰਜ ਹੋਣ ਤੋਂ ਬਾਅਦ ਮਾਨਸਾ ਪੁਲੀਸ ਨੇ ਪਹਿਲਾਂ ਹੀ ਜੀਵਨਜੋਤ ਸਿੰਘ ਦੇ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੋਇਆ ਸੀ। ਦਿੱਲੀ ਹਵਾਈ ਅੱਡਾ ਅਥਾਰਟੀ ਨੇ ਉਸ ਨੂੰ ਫੜ੍ਹਕੇ ਮਾਨਸਾ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ, ਜਿਸ ਤਹਿਤ ਮਾਨਸਾ ਪੁਲੀਸ ਨੂੰ ਲੈਣ ਲਈ ਦਿੱਲੀ ਰਵਾਨਾ ਹੋਈ ਹੈ। ਦਿੱਲੀ ਤੋਂ ਲਿਆਕੇ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਉਸ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਸ ਪਾਸੋਂ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤਹਿਤ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਉਧਰ ਮਾਨਸਾ ਪੁਲੀਸ ਦੇ ਉਚ ਅਧਿਕਾਰੀ ਇਸ ਮਾਮਲੇ ਲਈ ਕੁੱਝ ਵੀ ਦੱਸਣ ਤੋਂ ਇਨਕਾਰੀ ਹਨ, ਹਾਲਾਂਕਿ ਮੀਡੀਆ ਦੇ ਵੱਡੇ ਹਿੱਸੇ ਵਿੱਚ ਇਹ ਖ਼ਬਰ ਸਵੇਰ ਤੋਂ ਹੀ ਨਸ਼ਰ ਹੋ ਰਹੀ ਹੈ।
Get all latest content delivered to your email a few times a month.