ਤਾਜਾ ਖਬਰਾਂ
17 ਕਿਲੋ 242 ਗ੍ਰਾਮਭੁੱਕੀ, 2 ਕਿਲੋ 839 ਗ੍ਰਾਮ ਭੁੱਕੀ ਦੇ ਪੌਦੇ, 7484 ਕੈਪਸੂਲ, 187 ਨਸ਼ੀਲੇ ਟੀਕੇ, ਹੈਰੋਇਨ 37 ਗ੍ਰਾਮ 124 ਐਮ.ਜੀ, 1 ਕਿਲੋ 510 ਗ੍ਰਾਮ ਨਸ਼ੀਲਾ ਪਾਊਡਰ ਤੇ 39,950 ਦੀ ਡਰੱਗ ਮਨੀ ਬ੍ਰਾਮਦ
ਰੂਪਨਗਰ, 05 ਅਪ੍ਰੈਲ: ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਰੂਪਨਗਰ ਪੁਲਿਸ ਵਲੋਂ 22 ਫਰਵਰੀ 2025 ਤੋਂ 4 ਅਪ੍ਰੈਲ 2025 ਤੱਕ 51 ਕੇਸ ਰਜਿਸਟਰ ਕੀਤੇ ਗਏ ਹਨ ਜਿਸ ਵਿੱਚੋਂ 15 ਕਮਰਸ਼ੀਅਲ ਹਨ ਅਤੇ 80 ਦੇ ਕਰੀਬ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਤਸਕਰਾਂ ਤੋਂ 17 ਕਿਲੋ 242 ਗਰਾਮ ਭੁੱਕੀ, 2 ਕਿਲੋ 839 ਗ੍ਰਾਮ ਭੁੱਕੀ ਦੇ ਪੌਦੇ, 7,484 ਕੈਪਸੂਲ, 187 ਨਸ਼ੀਲੇ ਟੀਕੇ, ਹੈਰੋਇਨ 37 ਗ੍ਰਾਮ 124 ਗ੍ਰਾਮ , 1 ਕਿਲੋ 510 ਗ੍ਰਾਮ ਨਸ਼ੀਲਾ ਪਾਊਡਰ ਅਤੇ 39,950 ਦੀ ਡਰੱਗ ਮਨੀ ਬ੍ਰਾਮਦ ਕੀਤੀ ਗਈ ਹੈ।
ਇਹ ਜਾਣਕਾਰੀ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਅੱਜ ਏ.ਡੀ.ਜੀ.ਪੀ ਨਾਗੇਸ਼ਵਰ ਰਾਓ ਦੀਆਂ ਹਦਾਇਤਾਂ ਤਹਿਤ ਪ੍ਰੋਜੈਕਟ ਸੰਪਰਕ ਅਧੀਨ ਅੱਜ ਜ਼ਿਲ੍ਹਾ ਰੂਪਨਗਰ ਦੇ ਸ਼ਹਿਨਾਈ ਪੈਲੇਸ ਵਿਖੇ ਵੱਖ-ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ, ਐਮ.ਸੀ., ਨਗਰ ਕੌਂਸਲ ਦੇ ਪ੍ਰਧਾਨ, ਮੁਹੱਲਾ ਕਮੇਟੀਆਂ, ਗੈਰ ਸਰਕਾਰੀ ਸੰਸਥਾਵਾਂ, ਰਿਹਾਇਸ਼ੀ ਸੰਸਥਾਵਾਂ, ਵੱਖ ਵੱਖ ਸਕੂਲਾਂ ਕਾਲਜਾਂ ਦੇ ਐਨਸੀਸੀ ਤੇ ਐਨਐਸਐਸ ਦੇ ਕੈਡਿਟਾਂ ਆਦਿ ਨਾਲ ਮੀਟਿੰਗ ਕਰਦਿਆਂ ਸਾਂਝੀ ਕੀਤੀ।
ਗੁਲਨੀਤ ਸਿੰਘ ਖੁਰਾਣਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਵਲੋਂ ਸ਼ੁਰੂ ਕੀਤੇ ਗਏ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦਾ ਉਦੇਸ਼ ਸੂਬੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨਾ ਹੈ। ਇਸੇ ਤਰ੍ਹਾਂ ਪੰਜਾਬ ਪੁਲਿਸ ਵਲੋਂ ਚਲਾਏ ਗਏ ਪ੍ਰੋਜੈਕਟ ਸੰਪਰਕ ਦਾ ਉਦੇਸ਼ ਪੰਜਾਬ ਪੁਲਿਸ ਵੱਲੋਂ ਲੋਕਾਂ ਨਾਲ ਨੇੜਤਾ ਵਧਾਉਣੀ ਅਤੇ ਉਨ੍ਹਾਂ ਭਾਈਵਾਲਤਾ ਦਾ ਮਾਹੌਲ ਸਿਰਜ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ਉਤੇ ਹੱਲ ਕਰਨਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਹੋਰ ਯਕੀਨੀ ਬਣਾਉਣ ਲਈ ਨਿਰੰਤਰ ਕਾਰਜਸ਼ੀਲ ਹੈ ਅਤੇ ਆਮ ਲੋਕਾਂ ਨਾਲ ਸੁਚਾਰੂ ਤਾਲਮੇਲ ਨਾਲ ਨਸ਼ਿਆਂ, ਮਾਫੀਆ, ਗੈਂਸਟਰ ਅਤੇ ਹੋਰ ਮਾਮਲਿਆਂ ਬਾਰੇ ਹਰ ਮੁੱਦੇ ਉੱਤੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ ਅਤੇ ਮੋਹਤਬਰਾਂ ਤੇ ਆਮ ਲੋਕਾਂ ਤੋ ਸੁਝਾਅ ਵੀ ਲਏ ਗਏ ਹਨ ਜਿਨ੍ਹਾਂ ਨੂੰ ਜਲਦ ਅਮਲ ਵਿਚ ਲਿਆਉਂਦਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਅਪਰਾਧਾਂ, ਨਸ਼ਿਆਂ ਤੇ ਗੈਰ ਸਮਾਜਿਕ ਤੱਤਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਅਤੇ ਇਸ ਟੀਚੇ ਨਾਲ ਅਸੀਂ ਸਾਰੇ ਇਕੱਠੇ ਤੇ ਇਕਮਤ ਹੋ ਕੇ ਮਿਸਾਲ ਪੈਦਾ ਕਰਦੇ ਹੋਏ ਆਪਸੀ ਭਾਈਚਾਰੇ ਨੂੰ ਵਧਾਉਣਾ ਹੈ। ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ।
ਪਿੰਡਾਂ ਤੇ ਸ਼ਹਿਰਾਂ ਤੋਂ ਆਏ ਵੱਖ-ਵੱਖ ਮੋਹਤਬਰਾਂ ਨੂੰ ਐੱਸਐੱਸਪੀ ਸ. ਗੁਲਨੀਤ ਸਿੰਘ ਖੁਰਾਣਾ ਨੇ ਨਸ਼ਾ ਵੇਚਣ ਵਾਲਿਆਂ ਦੀ ਜ਼ਮਾਨਤ ਨਾ ਕਰਵਾਉਂਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ 178 ਪੰਚਾਇਤਾਂ ਵੱਲੋਂ ਤਾਂ ਇਸ ਸਬੰਧੀ ਮਤੇ ਪਾਸ ਕਰ ਦਿੱਤੇ ਗਏ ਹਨ, ਉਨ੍ਹਾਂ ਬਾਕੀ ਰਹਿੰਦੀਆਂ ਪੰਚਾਇਤਾਂ ਨੂੰ ਵੀ ਇਹ ਮਤੇ ਪਾਉਣ ਤੇ ਨਸ਼ਾ ਸਮੱਗਲਰਾਂ ਦੀ ਜ਼ਮਾਨਤ ਨਾ ਕਰਵਾਉਂਣ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਈਬਰ ਪੁਲਿਸ ਸਟੇਸ਼ਨ ਖੋਲੇ ਗਏ ਹਨ ਰੂਪਨਗਰ ਵਿਖੇ ਇਹ ਸਟੇਸ਼ਨ ਸਦਰ ਥਾਣਾ ਰੂਪਨਗਰ ਵਿਖੋ ਖੋਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦਾ ਆਨਲਾਈਨ ਫਰਾਡ ਹੁੰਦਾ ਹੈ ਤਾਂ ਉਹ ਆਪਣੀ ਸ਼ਿਕਾਇਤ ਨਜਦੀਕੀ ਸਾਈਬਰ ਸਟੇਸ਼ਨ ਜਾਂ 1930 ਹੈਲਪਲਾਈਨ ਉਤੇ ਦਰਜ ਕਰਵਾ ਸਕਦਾ ਹੈ।
ਉਨ੍ਹਾਂ ਨਸ਼ਿਆਂ ਖਿਲਾਫ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇਣ ਲਈ ਸੇਫ ਪੰਜਾਬ ਹੈਲਪ ਲਾਈਨ 97791-00200 ਵਟਸਐਪ ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਨੰਬਰ ਉਤੇ ਸ਼ਿਕਾਇਤ ਕਰਨ ਵਾਲੇ ਦਾ ਨੰਬਰ, ਪਤਾ ਅਤੇ ਨਾਮ ਨੂੰ ਗੁਪਤ ਰੱਖਿਆ ਜਾਂਦਾ ਹੈ।
ਪਿੰਡਾਂ ਤੇ ਸ਼ਹਿਰ ਤੋਂ ਆਏ ਨੁਮਾਇੰਦਿਆਂ ਵੱਲੋਂ ਇਸ ਮੀਟਿੰਗ ਦੌਰਾਨ ਆਪਣੇ ਵਿਚਾਰ ਰੱਖੇ ਗਏ, ਉਨ੍ਹਾਂ ਵੱਲੋਂ ਹੋਰਨਾਂ ਸਮੱਸਿਆਵਾਂ ਦੇ ਨਾਲ ਨਾਲ ਨਸ਼ੇ ਦੀ ਸਮੱਸਿਆ ਨੂੰ ਕਾਬੂ ਕਰਨ ਦੀ ਥਾਂ ਉਸ ਨੂੰ ਜੜੋਂ ਪੁੱਟਣ ਦੀ ਅਪੀਲ ਵੀ ਕੀਤੀ। ਇਸ ਦੇ ਲਈ ਆਏ ਹਾਜ਼ਰੀਨ ਵੱਲੋਂ ਹੱਥ ਖੜੇ ਕਰ ਕੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਪੂਰਨ ਭਰੋਸਾ ਦਿੱਤਾ ਗਿਆ।
ਇਸ ਮੌਕੇ ਐੱਸਪੀ ਹੈੱਡਕੁਆਰਟਰ ਅਰਵਿੰਦ ਮੀਨਾ, ਡੀਐਸਪੀ ਰਾਜਪਾਲ ਸਿੰਘ ਗਿੱਲ, ਐੱਸਐੱਚਓ ਪਵਨ ਕੁਮਾਰ, ਐੱਸਐੱਚਓ ਸਿਮਰਨਜੀਤ ਸਿੰਘ, ਐੱਸਐੱਚਓ ਸੁਨੀਲ ਕੁਮਾਰ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਹਾਜ਼ਰ ਸਨ।
Get all latest content delivered to your email a few times a month.