ਤਾਜਾ ਖਬਰਾਂ
ਮੋਹਾਲੀ, 3 ਅਪ੍ਰੈਲ : ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਮੰਤਰੀ ਅਤੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖਕੇ ਗਮਾਡਾ ਦੇ ਅਧੀਨ ਆਉਣ ਵਾਲੇ ਖੇਤਰਾਂ ਵਿੱਚ ਅਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਪ੍ਰਬੰਧਾਂ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਐਰੋਸਟੀ, ਆਈਟੀ ਸਿਟੀ, ਟੀਡੀਆਈ ਸੈਕਟਰ 116-117, ਸੈਕਟਰ 82, 86, 88, 89, 90-91, ਲਖਨੌਰ, ਲਾਂਡਰਾਂ, ਚੱਪੜ ਚਿੜੀ, ਰੁੜਕਾ, ਮਨੌਲੀ, ਕੰਬਾਲਾ, ਕੰਬਾਲੀ ਆਦਿ ਖੇਤਰਾਂ ਵਿੱਚ ਕੁੱਤਿਆਂ ਦੀ ਵਧ ਰਹੀ ਗਿਣਤੀ ਉੱਤੇ ਚਿੰਤਾ ਜਤਾਈ।
ਡਿਪਟੀ ਮੇਅਰ ਬੇਦੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਖੇਤਰਾਂ ਵਿੱਚ ਨਸਬੰਦੀ ਅਤੇ ਪ੍ਰਬੰਧਾਂ ਦੀ ਕਮੀ ਕਾਰਨ ਕੁੱਤਿਆਂ ਦੀ ਗਿਣਤੀ ਖਤਰਨਾਕ ਪੱਧਰ ਤੱਕ ਪਹੁੰਚ ਗਈ ਹੈ, ਜਿਸ ਨਾਲ ਲੋਕਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਖਤਰਾ ਪੈਦਾ ਹੋ ਰਿਹਾ ਹੈ। ਉਨ੍ਹਾਂ ਪੱਤਰ ਵਿੱਚ ਲਿਖਿਆ, "ਗਮਾਡਾ ਨਕਸ਼ੇ ਪਾਸ ਕਰਦਾ ਹੈ, ਫੀਸਾਂ ਵਸੂਲਦਾ ਹੈ, ਪਰ ਇਨ੍ਹਾਂ ਇਲਾਕਿਆਂ ਦੀ ਜਿੰਮੇਵਾਰੀ ਨਹੀਂ ਲੈ ਰਿਹਾ। ਪਿਛਲੇ ਸਾਲਾਂ ਦੌਰਾਨ ਇੱਥੇ ਨਸਬੰਦੀ ਲਈ ਕੋਈ ਠੋਸ ਕਾਰਵਾਈ ਨਹੀਂ ਹੋਈ, ਜਿਸ ਨਾਲ ਬੱਚੇ, ਔਰਤਾਂ ਅਤੇ ਸੀਨੀਅਰ ਨਾਗਰਿਕ ਅਵਾਰਾ ਕੁੱਤਿਆਂ ਦੇ ਹਮਲਿਆਂ ਤੋਂ ਪਰੇਸ਼ਾਨ ਹਨ।"
ਉਨ੍ਹਾਂ ਇਹ ਵੀ ਦੱਸਿਆ ਕਿ ਕੁੱਤਿਆਂ ਦੀ ਵਧ ਰਹੀ ਗਿਣਤੀ ਕਾਰਨ ਦੁਰਘਟਨਾਵਾਂ ਵੀ ਵਧ ਰਹੀਆਂ ਹਨ। ਉਹਨਾਂ ਕਿਹਾ ਕਿ ਗਮਾਡਾ ਕਮਾਈ ਤਾਂ ਕਰਦਾ ਹੈ, ਪਰ ਲੋਕਾਂ ਦੀ ਸੁਰੱਖਿਆ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਕੁੱਤਿਆਂ ਦੇ ਸੈਂਕੜੇ ਹਮਲੇ ਹੋ ਚੁੱਕੇ ਹਨ, ਜੋ ਜ਼ਿਆਦਾਤਰ ਬੱਚਿਆਂ ਅਤੇ ਸੀਨੀਅਰ ਨਾਗਰਿਕਾਂ ਉੱਤੇ ਹੋਏ।
ਉਹਨਾਂ ਕਿਹਾ ਕਿ ਅੰਕੜੇ ਦਰਸਾਉਂਦੇ ਹਨ ਕਿ ਮੋਹਾਲੀ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਅਤੇ ਉਨ੍ਹਾਂ ਦੇ ਹਮਲਿਆਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ, ਜੋ ਕਿ ਨਿਵਾਸੀਆਂ ਦੀ ਸੁਰੱਖਿਆ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਬੇਦੀ ਨੇ ਗਮਾਡਾ ਨੂੰ ਤੁਰੰਤ ਨਸਬੰਦੀ ਮੁਹਿੰਮ ਚਲਾਉਣ, ਕੁੱਤਿਆਂ ਲਈ ਸ਼ੈਲਟਰ ਬਣਾਉਣ, ਅਤੇ ਨਿਗਰਾਨੀ ਟੀਮਾਂ ਤੈਨਾਤ ਕਰਨ ਦੀ ਮੰਗ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਮੱਸਿਆ ਨਿਤ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਰਹੀ ਹੈ ਅਤੇ ਇਸ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੈ।
Get all latest content delivered to your email a few times a month.