IMG-LOGO
ਹੋਮ ਪੰਜਾਬ: 🔴 ਨਸ਼ਾ ਤਸਕਰਾਂ ਨੂੰ CM ਭਗਵੰਤ ਮਾਨ ਦੀ ਚੇਤਾਵਨੀ -"ਨਸ਼ਾ...

🔴 ਨਸ਼ਾ ਤਸਕਰਾਂ ਨੂੰ CM ਭਗਵੰਤ ਮਾਨ ਦੀ ਚੇਤਾਵਨੀ -"ਨਸ਼ਾ ਤਸਕਰ ਇਹ ਭੁੱਲ ਜਾਣ ਕਿ ਉਨ੍ਹਾਂ ਨੂੰ ਚੈਨ ਨਾਲ ਜਿਊਣ ਦੇਵਾਂਗੇ!"

Admin User - Apr 02, 2025 05:21 PM
IMG

ਡਰੱਗ ਮਨੀ ਨਾਲ ਬਣੇ ਹਰ ਇੱਕ ਨਸ਼ਾ ਤਸਕਰ ਦੀ ਹਵੇਲੀ 'ਤੇ ਚੱਲੇਗਾ ਬੁਲਡੋਜ਼ਰ, ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਭਗਵੰਤ ਮਾਨ

ਅਸੀਂ ਨਾ ਸਿਰਫ਼ ਨਸ਼ਿਆਂ ਦੀ ਸਪਲਾਈ ਲੜੀ ਨੂੰ ਤੋੜ ਰਹੇ ਹਾਂ, ਸਗੋਂ ਮੰਗ ਨੂੰ ਘਟਾਉਣ ਲਈ ਇਲਾਜ ਰਾਹੀਂ ਨੌਜਵਾਨਾਂ ਦਾ ਮੁੜ ਵਸੇਬਾ ਵੀ ਕਰ ਰਹੇ ਹਾਂ: ਸੀਐਮ ਮਾਨ

ਲੁਧਿਆਣਾ/ਚੰਡੀਗੜ੍ਹ, 2 ਅਪ੍ਰੈਲ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' (ਨਸ਼ਿਆਂ ਵਿਰੁੱਧ ਜੰਗ) ਮੁਹਿੰਮ ਦੇ ਤਹਿਤ ਲੁਧਿਆਣਾ ਵਿੱਚ ਇੱਕ ਵਿਸ਼ਾਲ ਸਹੁੰ ਚੁੱਕ ਸਮਾਗਮ ਦੀ ਅਗਵਾਈ ਕੀਤੀ। ਇਸ ਸਮਾਗਮ ਵਿੱਚ ਹਜ਼ਾਰਾਂ ਐਨ.ਸੀ.ਸੀ., ਐਨ.ਐਸ.ਐਸ. ਅਤੇ ਸਕੂਲੀ ਵਿਦਿਆਰਥੀਆਂ ਦੀ ਉਤਸ਼ਾਹੀ ਸ਼ਮੂਲੀਅਤ ਦੇਖਣ ਨੂੰ ਮਿਲੀ, ਜੋ ਕਿ ਨਸ਼ਿਆਂ ਦੀ ਦੁਰਵਰਤੋਂ ਨੂੰ ਖ਼ਤਮ ਕਰਨ ਪ੍ਰਤੀ ਪੰਜਾਬ ਦੇ ਨੌਜਵਾਨਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਵਿੱਚ ਨਸ਼ਿਆਂ ਦੇ ਖ਼ਤਰੇ 'ਤੇ ਆਪਣੀ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇੱਕ ਸਮੂਹਿਕ ਲੜਾਈ ਹੈ ਜਿਸ ਲਈ ਇੱਕ ਜਨ ਅੰਦੋਲਨ ਦੀ ਲੋੜ ਹੈ। ਉਨ੍ਹਾਂ ਨੇ ਮੁਹਿੰਮ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਭਾਗੀਦਾਰੀ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੀ ਸ਼ਲਾਘਾ ਕੀਤੀ ਕਿ ਉਹ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਗਰਮੀ ਨਾਲ ਮਤੇ ਪਾਸ ਕਰ ਰਹੇ ਹਨ।

 ਐਨਸੀਸੀ ਕੈਡਿਟਾਂ, ਐਨਐਸਐਸ ਵਲੰਟੀਅਰਾਂ, ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਹੁੰ ਚੁੱਕ-"ਮੈਂ ਪੰਜਾਬ ਦੀ ਪਵਿੱਤਰ ਧਰਤੀ ਦਾ ਸੱਚਾ ਪੁੱਤ ਹਾਂ। ਅੱਜ, ਮੈਂ ਪੰਜਾਬ ਦੀ ਧਰਤੀ ਦੀ ਸਹੁੰ ਖਾਂਦਾ ਹਾਂ, ਕਿ ਮੈਂ ਖ਼ੁਦ ਕਦੇ ਵੀ ਨਸ਼ੇ ਦਾ ਸੇਵਨ ਨਹੀਂ ਕਰਾਂਗਾ, ਮੈਂ ਆਪਣੇ ਦੋਸਤਾਂ, ਪਰਿਵਾਰ ਅਤੇ ਸਮਾਜ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਜਿੱਥੇ ਵੀ ਮੈਂ ਕਿਸੇ ਨੂੰ ਨਸ਼ੇ ਵੇਚਦਾ ਦੇਖਾਂਗਾ, ਮੈਂ ਇਸ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਾਂਗਾ। ਮੈਂ ਡਰਾਂਗਾ ਨਹੀਂ। ਕਿਉਂਕਿ ਇਸ ਲੜਾਈ ਵਿੱਚ, ਪਰਮਾਤਮਾ ਮੇਰੇ ਨਾਲ ਹੈ। ਮੈਂ ਸਿੱਖਿਆ ਨੂੰ ਚੁਣਾਂਗਾ, ਨਸ਼ੇ ਨੂੰ ਨਹੀਂ, ਮੈਂ ਤਰੱਕੀ ਨੂੰ ਚੁਣਾਂਗਾ, ਵਿਨਾਸ਼ ਨੂੰ ਨਹੀਂ ਅਤੇ ਮੈਂ ਇਨਕਲਾਬ ਨੂੰ ਚੁਣਾਂਗਾ, ਚੁੱਪ ਨੂੰ ਨਹੀਂ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਉਦੋਂ ਤੱਕ ਚੁੱਪ ਨਹੀਂ ਬੈਠਾਂਗਾ ਜਦੋਂ ਤੱਕ ਪੰਜਾਬ ਨਸ਼ਿਆਂ ਤੋਂ ਮੁਕਤ ਨਹੀਂ ਹੋ ਜਾਂਦਾ।"

ਮੁੱਖ ਮੰਤਰੀ ਮਾਨ ਨੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪਰਿਵਰਤਨਸ਼ੀਲ ਸ਼ਾਸਨ ਮਾਡਲ ਨੂੰ ਉਜਾਗਰ ਕੀਤਾ, ਜਿਨ੍ਹਾਂ ਨੇ ਇੱਕ ਦਹਾਕੇ ਤੱਕ ਰਾਸ਼ਟਰੀ ਰਾਜਧਾਨੀ 'ਤੇ ਸਫਲਤਾਪੂਰਵਕ ਰਾਜ ਕੀਤਾ, ਵੱਖ-ਵੱਖ ਸਮਾਜਿਕ ਮੁੱਦਿਆਂ ਨੂੰ ਖ਼ਤਮ ਕੀਤਾ। ਉਨ੍ਹਾਂ ਨੇ 'ਆਪ' ਦੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਦਿੱਲੀ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀ ਲਿਆਉਣ, ਸਰਕਾਰੀ ਸਕੂਲਾਂ ਨੂੰ ਗਲੋਬਲ ਮਾਪਦੰਡਾਂ ਵਿੱਚ ਬਦਲਣ, ਅਤੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਦੀ ਮੁਹੱਲਾ ਕਲੀਨਿਕ ਸੰਕਲਪ ਦੀ ਅਗਵਾਈ ਕਰਨ ਲਈ ਪ੍ਰਸ਼ੰਸਾ ਕੀਤੀ, ਜਿਸ ਨੂੰ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਮਿਲੀ ਹੈ।  ਮਾਨ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਆਪਣਾ ਪੂਰਾ ਸੰਸਦ ਫ਼ੰਡ ਲੁਧਿਆਣਾ ਦੇ ਹਸਪਤਾਲਾਂ ਅਤੇ ਸਕੂਲਾਂ ਦੀ ਭਲਾਈ ਲਈ ਵਰਤਿਆ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਨੂੰ ਲੋਕ ਲਹਿਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਹਰ ਰੋਜ਼, ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਸ ਕਰ ਰਹੀਆਂ ਹਨ, ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਰੱਖਣ ਲਈ ਵਚਨਬੱਧ ਹਨ। ਜੇਕਰ ਕੋਈ ਨਸ਼ਾ ਤਸਕਰ ਦਾਖਲ ਹੁੰਦਾ ਹੈ, ਤਾਂ ਪਿੰਡ ਵਾਸੀ ਉਨ੍ਹਾਂ ਦੀ ਪੁਲਿਸ ਨੂੰ ਰਿਪੋਰਟ ਕਰਨ ਦਾ ਵਾਅਦਾ ਕਰ ਰਹੇ ਹਨ।”

ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਰਪਿਤ ਵਟਸਐਪ ਹੈਲਪਲਾਈਨ ਨੰਬਰ 9779100200 'ਤੇ ਨਸ਼ਿਆਂ ਨਾਲ ਸਬੰਧਿਤ ਕੋਈ ਵੀ ਜਾਣਕਾਰੀ ਸਾਂਝੀ ਕਰਕੇ ਇਸ ਮਿਸ਼ਨ ਦਾ ਸਮਰਥਨ ਕਰਨ। ਉਨ੍ਹਾਂ ਭਰੋਸਾ ਦਿਵਾਇਆ ਕਿ ਸੂਚਨਾ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਸਰਕਾਰ ਦੇ ਸੰਕਲਪ ਨੂੰ ਦੁਹਰਾਉਂਦੇ ਹੋਏ, ਮੁੱਖ ਮੰਤਰੀ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਨਸ਼ਾ ਤਸਕਰਾਂ ਨੂੰ ਵਧਣ-ਫੁੱਲਣ ਨਹੀਂ ਦੇਵੇਗਾ। ਉਨ੍ਹਾਂ ਨੇ ਨਸ਼ਿਆਂ ਰਾਹੀਂ ਪਰਿਵਾਰਾਂ ਨੂੰ ਤਬਾਹ ਕਰਕੇ ਦੌਲਤ ਇਕੱਠੀ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੀਆਂ ਗੈਰ-ਕਾਨੂੰਨੀ ਤੌਰ 'ਤੇ ਪ੍ਰਾਪਤ ਕੀਤੀਆਂ ਜਾਇਦਾਦਾਂ 'ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ “ਹਰ ਰੋਜ਼, ਨਸ਼ਿਆਂ ਦੇ ਪੈਸੇ ਨਾਲ ਬਣੀਆਂ ਹਵੇਲੀਆਂ 'ਤੇ ਬੁਲਡੋਜ਼ਰ ਚੱਲ ਰਹੇ ਹਨ। ਕੱਲ੍ਹ ਹੀ, ਮੁਕਤਸਰ ਵਿੱਚ ਅਜਿਹੀ ਜਾਇਦਾਦਾਂ ਨੂੰ ਬੁਲਡੋਜ਼ਰ ਰਾਹੀਂ ਢਾਹ ਦਿੱਤਾ ਗਿਆ,”।

 ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਨਸ਼ੇ ਦੀ ਸਮੱਸਿਆ ਕਿਸੇ ਵੀ ਪਰਿਵਾਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਉਨ੍ਹਾਂ ਨੇ ਇਸ ਖ਼ਤਰੇ ਨੂੰ ਹੋਰ ਫੈਲਣ ਤੋਂ ਪਹਿਲਾਂ ਖ਼ਤਮ ਕਰਨ ਦੀ ਸਮੂਹਿਕ ਜ਼ਿੰਮੇਵਾਰੀ 'ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਮਾਨ ਨੇ ਸਵੀਕਾਰ ਕੀਤਾ ਕਿ ਸਿਰਫ਼ ਨਸ਼ੇ ਦੀ ਸਪਲਾਈ ਚੇਨਾਂ ਨੂੰ  ਹੀ ਨੱਥ ਪਾਉਣਾ ਕਾਫ਼ੀ ਨਹੀਂ ਹੈ, ਨਸ਼ੇੜੀ ਨੌਜਵਾਨਾਂ ਦੇ ਮੁੜ ਵਸੇਬੇ ਲਈ ਇੱਕ ਵਿਆਪਕ ਯੋਜਨਾ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇੱਕ ਸੰਪੂਰਨ ਯੋਜਨਾ ਲੈ ਕੇ ਆਈ ਹੈ ਅਤੇ ਪਹਿਲਾਂ ਤੋਂ ਹੀ ਤਿਆਰ ਹੈ। ਉਨ੍ਹਾਂ ਕਿਹਾ "ਅਸੀਂ ਜਾਣਦੇ ਸੀ ਕਿ ਜਦੋਂ ਸਪਲਾਈ ਚੇਨ 'ਚ ਵਿਘਨ ਪਵੇਗਾ, ਤਾਂ ਪਹਿਲਾਂ ਤੋਂ ਨਸ਼ੇ ਦੇ ਆਦੀ ਲੋਕਾਂ ਨੂੰ ਹੀ ਇਸ ਦਾ ਨੁਕਸਾਨ ਹੋਵੇਗਾ। ਇਸ ਲਈ ਸਾਡੇ ਕੋਲ ਚੰਗੀ ਤਰ੍ਹਾਂ ਨਾਲ ਲੈਸ ਪੁਨਰਵਾਸ ਕੇਂਦਰ, ਲੋੜੀਂਦੀਆਂ ਡਾਕਟਰੀ ਸਹੂਲਤਾਂ, ਸਿੱਖਿਆ ਦੇ ਮੌਕੇ ਅਤੇ ਰੁਜ਼ਗਾਰ ਦੇ ਵਿਕਲਪ ਹਨ ਤਾਂ ਜੋ ਉਨ੍ਹਾਂ ਨੂੰ ਮੁੜ ਨਸ਼ੇ ਦੀ ਲਤ ਵਿੱਚ ਫਸਣ ਤੋਂ ਰੋਕਿਆ ਜਾ ਸਕੇ"।

ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਨਸ਼ੇ ਵਿੱਚ ਫਸੇ ਲੋਕਾਂ ਨੂੰ ਸਮਾਜ ਵਿੱਚ ਦੁਬਾਰਾ ਸ਼ਾਮਲ ਕਰਨ ਲਈ ਜ਼ਰੂਰੀ ਡਾਕਟਰੀ ਇਲਾਜ, ਸਿੱਖਿਆ ਅਤੇ ਨੌਕਰੀ ਦੇ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਦੇ ਮੁੜ ਵਸੇਬੇ ਲਈ ਇੱਕ ਢਾਂਚਾਗਤ ਯੋਜਨਾ 'ਤੇ ਕੰਮ ਕਰ ਰਹੀ ਹੈ।

ਅਜ਼ਾਦੀ ਘੁਲਾਟੀਆਂ ਦੀ ਕੁਰਬਾਨੀ ਦਾ ਜ਼ਿਕਰ ਕਰਦਿਆਂ ਸੀਐਮ ਮਾਨ ਨੇ ਸ਼ਹੀਦ ਰਾਜਗੁਰੂ ਦੇ ਹਵਾਲੇ ਨਾਲ ਕਿਹਾ, 'ਅਸੀਂ ਸ਼ਾਂਤੀ ਨਾਲ ਰਹਿ ਸਕਦੇ ਸੀ, ਸਾਡੇ ਮਾਤਾ-ਪਿਤਾ ਨੇ ਵੀ ਸੰਘਰਸ਼ ਕਰਕੇ ਸਾਨੂੰ ਪਾਲਿਆ, ਪਰ ਅਸੀਂ ਇਨਕਲਾਬ ਦਾ ਰਾਹ ਚੁਣਿਆ।' ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੁਰਬਾਨੀ ਦੀ ਭਾਵਨਾ ਅਪਣਾਉਣ ਅਤੇ ਸਮਾਜ ਦੀ ਬਿਹਤਰੀ ਲਈ ਆਪਣੀ ਆਵਾਜ਼ ਬੁਲੰਦ ਕਰਨ। ਆਈਆਈਟੀ ਗ੍ਰੈਜੂਏਟ ਅਤੇ ਸਾਬਕਾ ਆਈਆਰਐਸ ਅਧਿਕਾਰੀ ਅਰਵਿੰਦ ਕੇਜਰੀਵਾਲ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਕਰਨ ਲਈ ਇੱਕ ਆਈਆਰਐਸ ਦੀ ਨੌਕਰੀ ਛੱਡ ਦਿੱਤੀ, ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਸੱਚੀ ਤਬਦੀਲੀ ਕੁਰਬਾਨੀ ਦੀ ਮੰਗ ਕਰਦੀ ਹੈ।

ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਕਿ ਨਸ਼ਾ ਮੁਕਤ ਸਹੁੰ ਮੁਹਿੰਮ ਦਾ ਵਿਸਥਾਰ ਪੰਜਾਬ ਭਰ ਵਿੱਚ ਕੀਤਾ ਜਾਵੇਗਾ, ਜਿਸ ਵਿੱਚ ਸਕੂਲਾਂ, ਕਾਲਜਾਂ, ਐਨ.ਸੀ.ਸੀ. ਅਤੇ ਐਨ.ਐਸ.ਐਸ. ਯੂਨਿਟਾਂ ਦੇ ਵਿਦਿਆਰਥੀ ਸਰਗਰਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ, "ਹੌਲੀ ਹੌਲੀ ਪਰ ਯਕੀਨੀ ਤੌਰ 'ਤੇ, ਪੰਜਾਬ ਦਾ ਹਰ ਨੌਜਵਾਨ ਨਸ਼ਿਆਂ ਵਿਰੁੱਧ ਸਹੁੰ ਚੁੱਕੇਗਾ, ਜਿਸ ਨਾਲ ਇਹ ਇੱਕ ਸਮੂਹਿਕ ਲਹਿਰ ਬਣੇਗੀ।"

ਉਨ੍ਹਾਂ ਨਸ਼ਿਆਂ ਵਿਰੁੱਧ ਲੜਾਈ ਵਿੱਚ ਪੰਜਾਬ ਪੁਲਿਸ ਦੇ ਸਮਰਪਣ ਅਤੇ ਅਣਥੱਕ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ "ਇਹ ਇੱਕ ਲੰਬੀ ਲੜਾਈ ਹੈ, ਪਰ ਅਸੀਂ ਉਦੋਂ ਤੱਕ ਨਹੀਂ ਰੁਕਾਂਗੇ ਜਦੋਂ ਤੱਕ ਪੰਜਾਬ ਪੂਰੀ ਤਰ੍ਹਾਂ ਨਸ਼ਿਆਂ ਤੋਂ ਮੁਕਤ ਨਹੀਂ ਹੋ ਜਾਂਦਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.