ਤਾਜਾ ਖਬਰਾਂ
ਚੰਡੀਗੜ੍ਹ, 30 ਮਾਰਚ: ਪੰਜਾਬ ਨੇ ਵਿਸ਼ਵ ਟੀ.ਬੀ. ਦਿਵਸ 'ਤੇ ਭਾਰਤ ਸਰਕਾਰ ਦੁਆਰਾ ਟੀ.ਬੀ. ਦੇ ਖਾਤਮੇ ਲਈ ਸ਼ੁਰੂ ਕੀਤੀ ਗਈ 100 ਦਿਨਾ ਮੁਹਿੰਮ "ਟੀ.ਬੀ. ਮੁਕਤ ਭਾਰਤ ਅਭਿਆਨ" ਵਿੱਚ ਦੇਸ਼ ਭਰ ‘ਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਟਿਊਬਰਕਲੋਸਿਸ ਵਿਰੁੱਧ ਆਪਣੀ ਲੜਾਈ ਵਿੱਚ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ।
ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕਰਵਾਏ ਗਏ ਸ਼ਾਨਦਾਰ ਸਮਾਰੋਹ ਦੌਰਾਨ ਟੀਬੀ ਦੇ ਮਾਮਲਿਆਂ ਦੀ ਜਾਂਚ, ਖੋਜ ਅਤੇ ਇਲਾਜ ਵਿੱਚ ਸੂਬੇ ਦੇ ਅਣਥੱਕ ਯਤਨਾਂ ਨੂੰ ਮਾਨਤਾ ਦਿੱਤੀ ਅਤੇ ਸਟੇਟ ਟੀਬੀ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਢਾ ਤੋਂ ਅਚੀਵਮੈਂਟ ਸਰਟੀਫਿਕੇਟ ਪ੍ਰਾਪਤ ਕੀਤਾ।
7 ਦਸੰਬਰ, 2024 ਨੂੰ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੁਆਰਾ ਅੰਮ੍ਰਿਤਸਰ ਵਿੱਚ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਉਦੇਸ਼ ਸੰਵੇਦਨਸ਼ੀਲ ਆਬਾਦੀ ਲਈ ਜਲਦ ਤੋਂ ਜਲਦ ਸਕ੍ਰੀਨਿੰਗ, ਜਾਂਚ ਅਤੇ ਬਿਹਤਰ ਦੇਖਭਾਲ ਰਾਹੀਂ ਟੀਬੀ ਦੇ ਖਾਤਮੇ ਨੂੰ ਯਕੀਨੀ ਬਣਾਉਣਾ ਸੀ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਨ੍ਹਾਂ 100 ਦਿਨਾਂ ਦੌਰਾਨ, ਪੰਜਾਬ ਭਰ ਵਿੱਚ ਸਿਹਤ ਟੀਮਾਂ ਨੇ ਲਗਭਗ 28 ਲੱਖ ਉੱਚ-ਜੋਖਮ ਵਾਲੇ ਵਿਅਕਤੀਆਂ ਦੀ ਜਾਂਚ ਕੀਤੀ, ਜਿਸ ਦੌਰਾਨ 17,300 ਟੀਬੀ ਮਰੀਜ਼ਾਂ ਦੀ ਪਛਾਣ ਹੋਈ, ਜਿਨ੍ਹਾਂ ਨੂੰ ਸਮੇਂ ਸਿਰ ਇਲਾਜ ਅਤੇ ਪੋਸ਼ਣ ਸਹਾਇਤਾ ਪ੍ਰਦਾਨ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਇਸ ਮੁਹਿੰਮ ਦੌਰਾਨ ਰੋਕਥਾਮ ਉਪਾਵਾਂ 'ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ, ਜਿਸ ਵਿੱਚ ਨਵੀਆਂ ਇਨਫੈਕਸ਼ਨਾਂ ਨੂੰ ਰੋਕਣ ਲਈ ਸੰਪਰਕਾਂ ਅਤੇ ਜੋਖਮ ਵਾਲੇ ਸਮੂਹਾਂ ਲਈ ਟੀਬੀ ਰੋਕਥਾਮ ਥੈਰੇਪੀ ਦੇਣਾ ਸ਼ਾਮਲ ਹੈ।
ਸਿਹਤ ਮੰਤਰੀ ਨੇ ਇਸ ਪ੍ਰਾਪਤੀ ਦਾ ਸਿਹਰਾ ਮੋਹਰਲੀ ਕਤਾਰ ਵਾਲੇ ਸਿਹਤ ਕਰਮਚਾਰੀਆਂ ਦੇ ਸਮਰਪਣ ਨੂੰ ਦਿੱਤਾ।
ਇਸ ਦੌਰਾਨ ਪੰਜਾਬ ਦੀ ਸਫ਼ਲਤਾ ਨੂੰ ਕਈ ਕਾਰਗੁਜ਼ਾਰੀ ਮਾਪਦੰਡਾਂ, ਜਿਸ ਵਿੱਚ ਮਾਮਲਿਆਂ ਦੀ ਖੋਜ ਦਰ, ਟੀਬੀ ਨਾਲ ਸਬੰਧਤ ਮੌਤਾਂ ਵਿੱਚ ਕਮੀ ਅਤੇ ਰੋਕਥਾਮ ਇਲਾਜ ਦਾ ਦਾਇਰਾ ਸ਼ਾਮਲ ਹੈ, ਤੋਂ ਵਾਚਿਆ ਗਿਆ।
Get all latest content delivered to your email a few times a month.