ਤਾਜਾ ਖਬਰਾਂ
ਮਿਆਂਮਾਰ 'ਚ ਸ਼ੁੱਕਰਵਾਰ ਨੂੰ ਆਏ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਪਾਰ ਹੋ ਸਕਦੀ ਹੈ। ਇਹ ਖਦਸ਼ਾ ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (ਯੂ. ਐੱਸ. ਜੀ. ਐੱਸ.) ਨੇ ਪ੍ਰਗਟਾਇਆ ਹੈ। ਥਾਈਲੈਂਡ, ਬੰਗਲਾਦੇਸ਼, ਚੀਨ ਅਤੇ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਰਾਇਟਰਜ਼ ਦੇ ਅਨੁਸਾਰ, ਮਿਆਂਮਾਰ ਦੀ ਫੌਜੀ ਸਰਕਾਰ ਨੇ ਕਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 1,002 ਤੱਕ ਪਹੁੰਚ ਗਈ ਹੈ, ਜਦੋਂ ਕਿ 2,400 ਤੋਂ ਵੱਧ ਲੋਕ ਜ਼ਖਮੀ ਹਨ। ਦੂਜੇ ਪਾਸੇ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਇੱਕ 30 ਮੰਜ਼ਿਲਾ ਇਮਾਰਤ ਢਹਿ ਗਈ ਹੈ। ਇਸ 'ਚ 10 ਲੋਕਾਂ ਦੀ ਮੌਤ ਹੋ ਗਈ ਹੈ।
ਬੈਂਕਾਕ ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ 2,000 ਤੋਂ ਵੱਧ ਇਮਾਰਤਾਂ ਦੇ ਨੁਕਸਾਨ ਦੀ ਰਿਪੋਰਟ ਮਿਲੀ ਹੈ। ਇਸ ਦੇ ਲਈ ਉਹ 100 ਤੋਂ ਵੱਧ ਇੰਜੀਨੀਅਰਾਂ ਨੂੰ ਤਾਇਨਾਤ ਕਰਨ ਜਾ ਰਹੇ ਹਨ। ਭੂ-ਵਿਗਿਆਨੀਆਂ ਦੇ ਮੁਤਾਬਕ ਦੇਸ਼ ਵਿੱਚ 200 ਸਾਲਾਂ ਵਿੱਚ ਇਹ ਸਭ ਤੋਂ ਵੱਡਾ ਭੂਚਾਲ ਹੈ। ਭੂਚਾਲ ਇੰਨਾ ਸ਼ਕਤੀਸ਼ਾਲੀ ਸੀ ਕਿ ਭੂਚਾਲ ਦੇ ਕੇਂਦਰ ਤੋਂ ਸੈਂਕੜੇ ਕਿਲੋਮੀਟਰ ਦੂਰ ਬੈਂਕਾਕ ਦੀਆਂ ਕਈ ਇਮਾਰਤਾਂ ਤਬਾਹ ਹੋ ਗਈਆਂ।
ਦੱਸ ਦੇਈਏ ਮਿਆਂਮਾਰ 'ਚ ਸ਼ੁੱਕਰਵਾਰ ਸਵੇਰੇ 11:50 ਵਜੇ 7.7 ਤੀਬਰਤਾ ਦਾ ਭੂਚਾਲ ਆਇਆ। ਮਿਆਂਮਾਰ ਅਤੇ ਥਾਈਲੈਂਡ ਵਿੱਚ 200 ਸਾਲਾਂ ਵਿੱਚ ਇਹ ਸਭ ਤੋਂ ਵੱਡਾ ਭੂਚਾਲ ਹੈ। ਭਾਰੀ ਤਬਾਹੀ ਕਾਰਨ ਮਿਆਂਮਾਰ ਦੇ 6 ਰਾਜਾਂ ਅਤੇ ਪੂਰੇ ਥਾਈਲੈਂਡ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।ਭੂਚਾਲ ਤੋਂ ਬਾਅਦ ਭਾਰਤ ਨੇ ਮਿਆਂਮਾਰ ਨੂੰ 15 ਟਨ ਰਾਹਤ ਸਮੱਗਰੀ ਦੀ ਪਹਿਲੀ ਖੇਪ ਭੇਜੀ ਹੈ। ਇਸ ਨੂੰ 'ਆਪ੍ਰੇਸ਼ਨ ਬ੍ਰਹਮਾ' ਦਾ ਨਾਂ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਪੀਐਮ ਮੋਦੀ ਨੇ ਮਿਆਂਮਾਰ ਦੀ ਪੀਪਲਜ਼ ਗਵਰਨਮੈਂਟ ਦੇ ਮੁਖੀ ਜਨਰਲ ਮਿਨ ਆਂਗ ਹਲੈਂਗ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਕਰੀਬੀ ਦੋਸਤ ਅਤੇ ਗੁਆਂਢੀ ਹੋਣ ਦੇ ਨਾਤੇ, ਭਾਰਤ ਇਸ ਮੁਸ਼ਕਲ ਸਮੇਂ ਵਿੱਚ ਮਿਆਂਮਾਰ ਦੇ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।
Get all latest content delivered to your email a few times a month.