IMG-LOGO
ਹੋਮ ਪੰਜਾਬ: ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ: ਪੰਜਾਬ ਸਰਕਾਰ ਨੇ ਬਜਟ...

ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ: ਪੰਜਾਬ ਸਰਕਾਰ ਨੇ ਬਜਟ ਵਿੱਚ ਬੀਮਾ ਕਵਰ ਨੂੰ ਦੁੱਗਣਾ ਕਰਕੇ 10 ਲੱਖ ਕੀਤਾ, ਹਰ ਪੰਜਾਬੀ ਨੂੰ ਕੀਤਾ ਜਾਵੇਗਾ ਕਵਰ

Admin User - Mar 26, 2025 07:17 PM
IMG

ਚੰਡੀਗੜ੍ਹ, 26 ਮਾਰਚ: ਪੰਜਾਬ ਦੇ ਸਿਹਤ ਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਿਹਤ ਤੇ ਮੈਡੀਕਲ ਸਿੱਖਿਆ ਖੇਤਰਾਂ ਵਾਸਤੇ ਬਜਟ ਵਿੱਚ ਕੀਤੇ ਗਏ ਵਾਧੇ ਦਾ ਸਵਾਗਤ ਕਰਦਿਆਂ ਇਸਨੂੰ "ਪਰਿਵਰਤਨਸ਼ੀਲ" ਬਜਟ ਕਰਾਰ ਦਿੱਤਾ ਹੈ। ਉਨ੍ਹਾਂ ਨੇ ਮਿਆਰੀ ਸਿਹਤ ਸੇਵਾਵਾਂ ਤੱਕ ਹਰੇਕ ਵਿਅਕਤੀ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਇਸ ਬਜਟ ਉਪਬੰਧ ਨੂੰ ਵਧੇਰੇ ਅਹਿਮ ਦੱਸਿਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਨਾਗਰਿਕ ਨੂੰ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਕਵਰ ਕਰਨ ਅਤੇ ਸਰਕਾਰ ਵੱਲੋਂ ਬੀਮਾ ਕਵਰ ਦੀ ਰਾਸ਼ੀ ਸਾਲਾਨਾ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰਨ ਦੇ ਫੈਸਲੇ ਦੀ ਭਰਵੀਂ ਸ਼ਲਾਘਾ ਕੀਤੀ।


ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਇੱਥੇ ਵਿਧਾਨ ਸਭਾ ਵਿੱਚ ਵਿੱਤੀ ਸਾਲ 2025-26 ਲਈ 'ਬਦਲਦਾ ਪੰਜਾਬ' ਬਜਟ ਪੇਸ਼ ਕੀਤਾ ਗਿਆ।

 

ਬਜਟ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿਹਤ ਖੇਤਰ ਦੇ ਬਜਟ ਵਿੱਚ 10 ਫੀਸਦ ਦਾ ਵਾਧਾ ਕਰਦਿਆਂ 5,598 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ, ਜੋ ਫਰਿਸ਼ਤੇ ਸਕੀਮ ਅਧੀਨ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਆਮ ਆਦਮੀ ਕਲੀਨਿਕਾਂ ਦਾ ਵਿਸਥਾਰ ਕਰਨ ਅਤੇ ਐਮਰਜੈਂਸੀ ਦੇਖਭਾਲ ਨੂੰ ਬਿਹਤਰ ਬਣਾਉਣ ਵਿੱਚ ਵਧੇਰੇ ਮਦਦਗਾਰ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮੈਡੀਕਲ ਸਿੱਖਿਆ ਅਤੇ ਖੋਜ ਲਈ ਬਜਟ ਵਿੱਚ 27 ਫੀਸਦ ਦਾ ਵਾਧਾ ਕਰਦਿਆਂ 1,336 ਕਰੋੜ ਰੁਪਏ ਰੱਖੇ ਗਏ ਹਨ।


ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਬਜਟ ਨੂੰ ਇਤਿਹਾਸਕ ਅਤੇ ਪ੍ਰਗਤੀਸ਼ੀਲ ਦੱਸਦਿਆਂ ਕਿਹਾ ਕਿ ਰਾਜ ਦੇ ਸਾਰੇ 65 ਲੱਖ ਪਰਿਵਾਰਾਂ ਨੂੰ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਲਿਆਉਣ ਲਈ ਇਹ ਵਧੇਰੇ ਮਹੱਤਵਪੂਰਨ ਅਤੇ ਸਹਾਈ ਸਿੱਧ ਹੋਵੇਗਾ, ਜੋ ਪੰਜਾਬ ਦੇ ਨਾਗਰਿਕਾਂ ਨੂੰ ਡਾਕਟਰੀ ਖਰਚਿਆਂ ਦੀ ਚਿੰਤਾ ਤੋਂ ਮੁਕਤ ਕਰੇਗਾ। 

 

ਜਾਣਕਾਰੀ ਅਨੁਸਾਰ ਇਸ ਵੇਲੇ ਸਿਰਫ਼ 45 ਲੱਖ ਪਰਿਵਾਰ ਸਿਹਤ ਬੀਮਾ ਯੋਜਨਾ ਅਧੀਨ ਕਵਰ ਹਨ, ਜਿਨ੍ਹਾਂ ਵਿੱਚੋਂ ਕੇਂਦਰ ਸਰਕਾਰ ਦੀ ਆਯੁਸ਼ਮਾਨ ਭਾਰਤ ਸਕੀਮ ਅਧੀਨ 16 ਲੱਖ ਅਤੇ ਪੰਜਾਬ ਦੀ ਐਸ.ਐਸ.ਬੀ.ਵਾਈ. ਅਧੀਨ 29 ਲੱਖ ਪਰਿਵਾਰ ਕਵਰ ਹਨ।


ਸਿਹਤ ਮੰਤਰੀ ਨੇ ਕਿਹਾ ਕਿ ਨਵੇਂ ਬਜਟ ਵਿੱਚ ਸਾਰੀਆਂ ਯੋਗਤਾ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਕਿਸੇ ਵੀ ਵਿਅਕਤੀ ਦੀ ਆਮਦਨ ਜਾਂ ਨਿਵਾਸ ਸਥਾਨ ਨੂੰ ਵਿਚਾਰੇ ਬਿਨਾਂ ਸੂਬੇ ਦੇ ਹਰ ਘਰ ਨੂੰ ਇਸ ਅਧੀਨ ਕਵਰ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਹਰ ਪਰਿਵਾਰ ਭਾਵੇਂ ਉਹ ਸ਼ਹਿਰੀ ਜਾਂ ਪੇਂਡੂ ਹੋਵੇ, ਅਮੀਰ ਜਾਂ ਗਰੀਬ ਹੋਵੇ, ਨੂੰ ਸਿਹਤ ਬੀਮੇ ਅਧੀਨ ਕਵਰ ਕੀਤਾ ਜਾਵੇਗਾ। 

 

ਉਨ੍ਹਾਂ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਦੀ ਆਯੁਸ਼ਮਾਨ ਭਾਰਤ ਸਕੀਮ ਅਧੀਨ ਰਜਿਸਟਰਡ ਪਰਿਵਾਰਾਂ ਨੂੰ ਵੀ ਸੂਬੇ ਤੋਂ 5 ਲੱਖ ਰੁਪਏ ਦਾ ਵਾਧੂ ਟੌਪ-ਅੱਪ ਮਿਲੇਗਾ, ਜਿਸ ਨਾਲ ਉਨ੍ਹਾਂ ਦਾ ਵੀ ਕੁੱਲ ਬੀਮਾ ਕਵਰ 10 ਲੱਖ ਰੁਪਏ ਹੋ ਜਾਵੇਗਾ। ਇਸ ਤੋਂ ਇਲਾਵਾ ਸਾਰੇ ਲਾਭਪਾਤਰੀਆਂ ਨੂੰ ਸਿਹਤ ਕਾਰਡ ਪ੍ਰਦਾਨ ਕੀਤੇ ਜਾਣਗੇ, ਜਿਸ ਨਾਲ ਸਰਕਾਰੀ ਅਤੇ ਨਿੱਜੀ ਦੋਵੇਂ ਤਰ੍ਹਾਂ ਦੇ ਹਸਪਤਾਲਾਂ ਵਿੱਚ ਨਕਦੀ ਰਹਿਤ ਇਲਾਜ ਕਰਵਾਇਆ ਜਾ ਸਕੇਗਾ।


ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਿੱਤੀ ਸਾਲ 2025-26 ਵਿੱਚ ਐਸਬੀਐਸ ਨਗਰ ਦੇ ਪਿੰਡ ਬਰਨਾਲਾ ਕਲਾਂ ਵਿਖੇ 50 ਐਮ.ਬੀ.ਬੀ.ਐਸ. ਸੀਟਾਂ ਵਾਲਾ ਇੱਕ ਨਵਾਂ ਮੈਡੀਕਲ ਕਾਲਜ ਵੀ ਸਥਾਪਤ ਕਰੇਗੀ।


ਉਨ੍ਹਾਂ ਕਿਹਾ ਕਿ "ਸੀ.ਐਮ. ਦੀ ਯੋਗਸ਼ਾਲਾ" ਪਹਿਲਕਦਮੀ, ਜੋ ਮੌਜੂਦਾ ਸਮੇਂ 3200 ਰੋਜ਼ਾਨਾ ਯੋਗਾ ਸੈਸ਼ਨਾਂ ਰਾਹੀਂ 1.5 ਲੱਖ ਨਿਵਾਸੀਆਂ ਨੂੰ ਲਾਭ ਪਹੁੰਚਾ ਰਹੀ ਹੈ,  ਦੀ ਸਫ਼ਲਤਾ ਤੋਂ ਬਾਅਦ ਹੁਣ ਇਸਦਾ ਦੋ ਲੱਖ ਲੋਕਾਂ ਤੱਕ ਵਿਸਥਾਰ ਕੀਤਾ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.