ਤਾਜਾ ਖਬਰਾਂ
ਹੁਸ਼ਿਆਰਪੁਰ, 25 ਮਾਰਚ: ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਂਕ ਕੁਮਾਰ ਵਲੋਂ ਪੰਜਾਬ ਵਿਧਾਨ ਸਭਾ ਵਿਚ ਹਲਕੇ ਅੰਦਰ ਪੰਜਾਬ ਰੋਡਵੇਜ ਦੀਆਂ ਬੱਸਾਂ ਦੇ ਰੂਟ ਵਧਾਉਣ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਭਰੋਸਾ ਦਿੱਤਾ ਕਿ ਹਲਕੇ ਦੇ ਪਿੰਡਾਂ ਲਈ ਲੋੜ ਅਨੁਸਾਰ ਬੱਸਾਂ ਦੇ ਰੂਟ ਸ਼ੁਰੂ ਕੀਤੇ ਜਾਣਗੇ।
ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਵਿਧਾਨ ਸਭਾ ਵਿਚ ਟਰਾਂਸਪੋਰਟ ਮੰਤਰੀ ਦੇ ਧਿਆਨ ਵਿਚ ਲਿਆਉਂਦਿਆਂ ਦੱਸਿਆ ਕਿ ਕੋਵਿਡ ਲਾਕਡਾਊਨ ਦੌਰਾਨ ਚੱਬੇਵਾਲ ਹਲਕੇ ਵਿਚ ਕਈ ਸਰਕਾਰੀ ਬੱਸਾਂ ਦੇ ਰੂਟ ਬੰਦ ਹੋ ਗਏ ਸਨ ਜਿਨ੍ਹਾਂ ਦੀ ਸਮੀਖਿਆ ਕਰਕੇ ਜਲਦ ਤੋਂ ਜਲਦ ਇਹ ਰੂਟ ਸ਼ੁਰੂ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਦੇ ਨਵੇਂ ਰੂਟ ਸ਼ੁਰੂ ਹੋਣ ਨਾਲ ਪਿੰਡਾਂ ਦੇ ਵਸਨੀਕਾਂ ਖਾਸਕਰ ਵਿਦਿਆਰਥੀਆਂ ਦੀ ਆਵਾਜਾਈ ਹੋਰ ਵੀ ਆਸਾਨ ਹੋ ਜਾਵੇਗੀ ਜਿਸ ਲਈ ਇਹ ਰੂਟ ਸ਼ੁਰੂ ਕਰਵਾਉਣਾ ਸਮੇਂ ਦੀ ਮੁੱਖ ਮੰਗ ਹਨ। ਵਿਧਾਇਕ ਵਲੋਂ ਇਹ ਮਾਮਲਾ ਰੱਖੇ ਜਾਣ ‘ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਆਦਮਪੁਰ ਤੋਂ ਚੰਡੀਗੜ੍ਹ ਨੂੰ ਰੂਟ ਦੌਰਾਨ ਚੱਬੇਵਾਲ ਹਲਕੇ ਦੇ ਪਿੰਡਾਂ ਨੂੰ ਵੀ ਕਵਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਤੋਂ ਹੁਸ਼ਿਆਰਪੁਰ ਨੂੰ ਆਉਂਦੀਆ ਬੱਸਾਂ ਵਾਇਆ ਨਵਾਂਸ਼ਹਿਰ-ਗੜ੍ਹਸ਼ੰਕਰ ਤੋਂ ਹੁੰਦੀਆਂ ਹੋਈਆਂ ਮਾਹਿਲਪੁਰ-ਚੱਬੇਵਾਲ ਦੇ ਲੋਕਾਂ ਨੂੰ ਵੀ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾ ਰਹੀਆਂ ਹਨ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਵਿਧਾਇਕ ਡਾ. ਇਸ਼ਾਂਕ ਕੁਮਾਰ ਵਲੋਂ ਰੱਖੀ ਮੰਗ ਅਨੁਸਾਰ ਸਾਰੇ ਰੂਟਾਂ ਬਾਰੇ ਜਲਦ ਘੋਖ ਕਰਵਾ ਕੇ ਬਣਦੇ ਰੂਟ ਸ਼ੁਰੂ ਅਤੇ ਬਹਾਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਲੁਧਿਆਣਾ ਤੋਂ ਸ਼ਾਹਤਲਾਈ ਨੂੰ ਚਲਦੀਆਂ ਸਰਕਾਰੀ ਬੱਸਾਂ ਵਾਇਆ ਨਵਾਂਸ਼ਹਿਰ-ਗੜ੍ਹਸ਼ੰਕਰ-ਮਾਹਿਲਪੁਰ ਅਤੇ ਹਲਕਾ ਚੱਬੇਵਾਲ ਦੇ ਪਿੰਡਾਂ ਤੋਂ ਹੁੰਦੀ ਹੋਈ ਵਾਇਆ ਜੇਜੋਂ ਤੋਂ ਹਿਮਾਚਲ ਪ੍ਰਦੇਸ਼ ਨੂੰ ਪ੍ਰਵੇਸ਼ ਕਰਦੀ ਹੈ। ਉਨ੍ਹਾਂ ਦੱਸਿਆ ਕਿ ਫਗਵਾੜਾ ਤੋਂ ਵਾਇਆ ਪਾਂਸ਼ਟਾ, ਭਾਮ, ਬਾੜੀਆਂ ਹੁੰਦਾ ਹੋਇਆ ਰੂਟ ਮਾਹਿਲਪੁਰ ਪਹੁੰਚਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਹਲਕਾ ਚੱਬੇਵਾਲ ਵਿਚ ਲੋੜੀਂਦੇ ਰੂਟਾਂ ਬਾਰੇ ਜਲਦ ਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Get all latest content delivered to your email a few times a month.