ਤਾਜਾ ਖਬਰਾਂ
ਚੰਡੀਗੜ, 22 ਮਾਰਚ: ਜਨਤਕ ਸਿਹਤ ਦੀ ਸਲਾਮਤੀ ਅਤੇ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਇੱਕ ਮਹੱਤਵਪੂਰਨ ਪੇਸ਼ਕਦਮੀ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ, ਮੋਹਾਲੀ ਜਿਲੇ ਦੇ ਖਰੜ ਖੇਤਰ ਵਿੱਚ ਇੱਕ ਸਾਂਝੀ ਨਿਰੀਖਣ ਅਤੇ ਨਿਗਰਾਨੀ ਮੁਹਿੰਮ ਸੁਰੂ ਕੀਤੀ ਹੈ।
ਅੱਜ ਇੱਥੇ ਇਹ ਖੁਲਾਸਾ ਕਰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਜਿਲਾ ਸਿਹਤ ਅਧਿਕਾਰੀ, ਮੋਹਾਲੀ ਦੀ ਨਿਗਰਾਨੀ ਹੇਠ ਬਿਊਰੋ ਯੂਨਿਟ ਮੋਹਾਲੀ ਅਤੇ ਫੂਡ ਸੇਫਟੀ ਵਿੰਗ ਮੋਹਾਲੀ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ ਗਈ, ਜਿਸਦਾ ਉਦੇਸ਼ ਭੋਜਨ ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨਾ ਸੀ।
ਅਚਨਚੇਤ ਨਿਰੀਖਣ ਦੌਰਾਨ, ਸਾਂਝੀ ਟੀਮ ਨੇ ਖਰੜ ਵਿੱਚ ਭੋਜਨ ਬਣਾਉਣ ਵਾਲੀਆਂ ਇਕਾਈਆਂ, ਭੋਜਨ ਵਿਕਰੇਤਾ ਸਟਾਲਾਂ, ਰੈਸਟੋਰੈਂਟਾਂ ਅਤੇ ਹੋਟਲਾਂ ਦਾ ਦੌਰਾ ਕੀਤਾ। ਕੁੱਲ ਪੰਜ ਥਾਵਾਂ ਦਾ ਨਿਰੀਖਣ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਸਫ਼ਾਈ ਦੇ ਮਿਆਰ ਵਿੱਚ ਕੁਤਾਹੀ ਦੇ ਚਲਦਿਆਂ ਇੱਕ ਚਲਾਨ ਜਾਰੀ ਕੀਤਾ ਗਿਆ ਅਤੇ ਖਾਧ ਪਦਾਰਥਾਂ ਦੇ ਪੰਜ ਨਮੂਨੇ ਵੀ ਲਏ ਗਏ। ਉਨਾਂ ਅੱਗੇ ਕਿਹਾ ਕਿ ਇਨਾਂ ਨਮੂਨਿਆਂ ਨੂੰ ਵਿਸਤਿ੍ਰਤ ਵਿਸ਼ਲੇਸ਼ਣ ਲਈ ਖਰੜ ਵਿੱਚ ਫੋਰੈਂਸਿਕ ਸਾਇੰਸ ਲੈਬਾਰਟਰੀ ਨੂੰ ਭੇਜ ਦਿੱਤਾ ਗਿਆ ਹੈ।
ਉਨਾਂ ਅੱਗੇ ਕਿਹਾ ਕਿ ਟੀਮ ਨੇ ਖਪਤਕਾਰਾਂ ਦੀ ਸਿਹਤ ਦੀ ਰੱਖਿਆ ਲਈ ਭੋਜਨ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਸਫਾਈ ਦੇ ਮਿਆਰਾਂ ਨੂੰ ਬਣਾਈ ਰੱਖਣ ਦੀ ਮਹੱਤਤਾ ‘ਤੇ ਜੋਰ ਦਿੱਤਾ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਭੋਜਨ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਬੁਲਾਰੇ ਨੇ ਅੱਗੇ ਕਿਹਾ ਕਿ ਵਿਜੀਲੈਂਸ ਬਿਊਰੋ ਨੇ ਰਾਜ ਭਰ ਵਿੱਚ ਬੇਨਿਯਮੀਆਂ ਨੂੰ ਰੋਕਣ ਅਤੇ ਸੁਰੱਖਿਅਤ ਭੋਜਨ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਹੋਰ ਨਿਰੀਖਣ ਅਤੇ ਕਾਰਵਾਈਆਂ ਦੀ ਯੋਜਨਾ ਬਣਾਈ ਹੈ। ਉਨਾਂ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਸਰਕਾਰ ਦੀ ਭੋਜਨ ਸੁਰੱਖਿਆ ਅਤੇ ਜਨਤਕ ਸਿਹਤ ਦੇ ਉੱਚਤਮ ਮਿਆਰਾਂ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
Get all latest content delivered to your email a few times a month.