ਤਾਜਾ ਖਬਰਾਂ
ਲੁਧਿਆਣਾ, 21 ਮਾਰਚ- ਲੁਧਿਆਣਾ ਡਿਸਟ੍ਰਿਕਟ ਕੋ-ਆਪ੍ਰੇਟਿਵ ਮਿਲਕ ਪ੍ਰੋਡਿਊਸਰਜ ਯੂਨੀਅਨ ਲਿਮਟਿਡ, ਮਿਲਕ ਪਲਾਂਟ, ਲੁਧਿਆਣਾ ਦਾ ਸਾਲ 2022-23 ਅਤੇ 2023-24 ਦਾ ਸਾਲਾਨਾ ਆਮ ਇਜਲਾਸ ਸਵੇਰੇ 11:00 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਪਾਲ ਆਡੋਟੋਰੀਅਮ ਵਿਖੇ ਕਰਵਾਇਆ ਗਿਆ।
ਇਸ ਦੌਰਾਨ ਮਿਲਕ ਪਲਾਂਟ, ਲੁਧਿਆਣਾ ਨਾਲ ਜੁੜੀਆਂ ਹੋਈਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਵਿੱਚੋਂ 500 ਦੇ ਕਰੀਬ ਪ੍ਰਧਾਨ ਸਾਹਿਬਾਨ ਸ਼ਾਮਿਲ ਹੋਏ। ਵੇਰਕਾ ਮਿਲਕ ਪਲਾਂਟ, ਲੁਧਿਆਣਾ ਵੱਲੋਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਲਈ 46.67 ਲੱਖ ਰੁਪਏ ਬੋਨਸ ਵਜੋਂ ਰੱਖੇ ਗਏ ਅਤੇ 132.32 ਲੱਖ ਰੁਪਏ ਹਿੱਸਾ ਪੂੰਜੀ ਵਜੋਂ ਸਭਾਵਾਂ ਲਈ ਰਾਖਵੇਂ ਰੱਖੇ ਗਏ।
ਇਸ ਮੌਕੇ ਮਿਲਕ ਪਲਾਂਟ, ਲੁਧਿਆਣਾ ਦੇ ਜਨਰਲ ਮੈਨੇਜਰ ਸੁਬੋਧ ਕੁਮਾਰ ਨੇ ਦੱਸਿਆ ਕਿ ਮਿਲਕ ਪਲਾਂਟ, ਲੁਧਿਆਣਾ ਆਪਣੇ ਨਾਲ ਜੁੜੇ ਹੋਏ ਦੁੱਧ ਉਤਪਾਦਕਾਂ ਦੇ ਹਿੱਤਾਂ ਲਈ ਹਮੇਸ਼ਾ ਤੱਤਪਰ ਹੈ। ਉਹਨਾਂ ਦੱਸਿਆ ਕਿ ਵੇਰਕਾ ਮਿਲਕ ਪਲਾਂਟ, ਲੁਧਿਆਣਾ ਵੱਲੋਂ ਦੁੱਧ ਉਤਪਾਦਕਾਂ ਅਤੇ ਡੇਅਰੀ ਕਿਸਾਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿੱਚ ਦੁੱਧ ਦੀ ਖਰੀਦ ਵਿੱਚ ਪਾਰਦਸ਼ਤਾ ਲਿਆਉਣ ਲਈ ਸਭਾ ਪੱਧਰ 'ਤੇ ਆਟੋਮੈਟਿਕ ਮਿਲਕ ਕੁਲੈਕਸ਼ਨ ਯੂਨਿਟ, ਦੁੱਧ ਦੀ ਟੈਸਟਿੰਗ ਲਈ ਮਿਲਕੋ ਸਕਰੀਨ ਅਤੇ ਲੈਕਟੋਸਕੈਨ ਤੋਂ ਇਲਾਵਾ ਬਲਕ ਮਿਲਕ ਕੂਲਰ ਸਬਸਿਡੀ 'ਤੇ ਮੁਹੱਈਆ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਹਿਕਾਰੀ ਸਭਾਵਾਂ ਨਾਲ ਜੁੜੇ ਦੁੱਧ ਉਤਪਾਦਕਾਂ ਅਤੇ ਵੇਰਕਾ ਮਿਲਕ ਪਲਾਂਟ, ਲੁਧਿਆਣਾ ਨਾਲ ਜੁੜੇ ਦੁੱਧ ਉਤਪਾਦਕਾਂ ਦੇ ਪਸ਼ੂਆਂ ਦੀ ਸਿਹਤ ਸੁਧਾਰ ਲਈ ਵੈਟਰਨਰੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਵੇਰਕਾ ਮਿਲਕ ਪਲਾਂਟ, ਲੁਧਿਆਣਾ ਵੱਲੋਂ ਦੁੱਧ ਉਤਪਾਦਕਾਂ ਨੂੰ ਹਰੇ ਚਾਰੇ ਦੇ ਸੁਧਰੇ ਅਤੇ ਦੋਗਲੀ ਕਿਸਮ ਦੇ ਬੀਜ਼ਾਂ ਨੂੰ ਰਿਆਇਤੀ ਦਰਾਂ 'ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਡੇਅਰੀ ਫਾਰਮਿੰਗ ਦੇ ਖਰਚੇ ਨੂੰ ਘਟਾਉਣ ਲਈ ਹਰੇ ਚਾਰੇ ਦਾ ਆਚਾਰ ਪਾਉਣ ਲਈ ਫੌਡਰ ਹਾਰਵੈਸਟਰ ਮਸ਼ੀਨ ਅਤੇ ਫੌਡਰ ਚੌਪਰ ਲੋਡਰ ਮਸ਼ੀਨਾਂ ਵਾਜਿਬ ਕਿਰਾਏ 'ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋ ਇਲਾਵਾਂ ਪਸ਼ੂਆਂ ਲਈ ਵੇਰਕਾ ਸੰਤੁਲਿਤ ਪਸ਼ੂ ਖੁਰਾਕ ਵਾਜਿਬ ਰੇਟਾਂ 'ਤੇ ਸਭਾ ਅਤੇ ਡੇਅਰੀ ਕਿਸਾਨ ਪੱਧਰ 'ਤੇ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਪਸ਼ੂਆਂ ਵਿੱਚ ਧਾਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਚਿਲੇਟਿਡ ਮਿਨਰਲ ਮਿਕਚਰ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਵੇਰਕਾ ਮਿਲਕ ਪਲਾਂਟ, ਲੁਧਿਆਣਾ ਵੱਲੋਂ ਪਰਾਲੀ ਦੀ ਸੰਭਾਲ ਲਈ ਇੱਕ ਬੇਲਰ ਰੇਕ ਸੈੱਟ ਦੀ ਖਰੀਦ ਕੀਤੀ ਗਈ ਹੈ ਜੋ ਕਿ ਦੁੱਧ ਉਤਪਾਦਕਾਂ ਨੂੰ ਵਾਜ਼ਿਬ ਕਿਰਾਏ 'ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਵੇਰਕਾ ਮਿਲਕ ਪਲਾਂਟ, ਲੁਧਿਆਣਾ ਵਿਖੇ ਭਾਰਤ ਸਰਕਾਰ ਵੱਲੋਂ ਮਿਲਕਫੈੱਡ ਪੰਜਾਬ ਰਾਹੀਂ ਐੱਨ.ਪੀ.ਡੀ.ਡੀ-08 ਅਤੇ 09 ਸਕੀਮਾਂ ਅਧੀਨ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੀ ਮਜ਼ਬੂਤੀ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਅਧੀਨ ਵੱਖ-ਵੱਖ ਸ਼ਹਿਰਾਂ ਵਿੱਚ ਵੇਰਕਾ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਵਿੱਚ ਵਾਧਾ ਕਰਨ ਹਿੱਤ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਖਪਤਕਾਰਾਂ ਤੱਕ ਵੇਰਕਾ ਦੁੱਧ ਅਤੇ ਦੁੱਧ ਪਦਾਰਥਾਂ ਦੀ ਪਹੁੰਚ ਕੀਤੀ ਜਾ ਸਕੇ।
ਇਸ ਮੌਕੇ ਡਿਪਟੀ ਰਜਿਸਟਰਾਰ ਵਿਜੇਂਦਰ ਸਿੰਘ ਸੰਧੂ, ਸੰਜੀਵ ਕੁਮਾਰ ਗੋਇਲ, ਜਨਰਲ ਮੈਨੇਜਰ, ਮਿਲਕ ਯੂਨੀਅਨ ਸੰਗਰੂਰ, ਬੋਰਡ ਆਫ ਡਾਇਰੈਕਟਰਜ਼ ਵੇਰਕਾ ਮਿਲਕ ਪਲਾਂਟ, ਲੁਧਿਆਣਾ ਮੇਜਰ ਸਿੰਘ, ਸੁਖਪਾਲ ਸਿੰਘ, ਗੁਰਬਖਸ਼ ਸਿੰਘ, ਗੁਰਦੇਵ ਸਿੰਘ, ਤੇਜਿੰਦਰ ਸਿੰਘ ਢਿੱਲੋਂ, ਪਿਆਰਾ ਸਿੰਘ, ਹਰਮਿੰਦਰ ਸਿੰਘ, ਮਿਲਕਫੈੱਡ ਡਾਇਰੈਕਟਰ ਅਤੇ ਵੱਖ-ਵੱਖ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਪ੍ਰਧਾਨ/ਨੁਮਾਇੰਦੇ ਅਤੇ ਸਕੱਤਰ ਸਹਿਬਾਨ ਸ਼ਾਮਿਲ ਹੋਏ।
ਇਸ ਮੌਕੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਨੂੰ ਇਨਾਮ ਵੀ ਵੰਡੇ ਗਏ। ਇਸ ਤੋਂ ਇਲਾਵਾ ਡਾ ਗੁਰਪ੍ਰੀਤ ਸਿੰਘ ਪ੍ਰੀਤ ਅਤੇ ਡਾ ਰਣਜੋਧਨ ਸਿੰਘ ਸਹੋਤਾ ਵੱਲੋਂ ਆਏ ਹੋਏ ਦੁੱਧ ਉਤਪਾਦਕਾਂ ਨੂੰ ਪਸ਼ੂਆਂ ਦੀ ਨਸਲ ਸੁਧਾਰ, ਰੱਖ-ਰਖਾਵ ਅਤੇ ਪਸ਼ੂ ਆਹਾਰ ਬਾਰੇ ਜਾਣਕਾਰੀ ਦਿੱਤੀ ਗਈ।
Get all latest content delivered to your email a few times a month.