IMG-LOGO
ਹੋਮ ਪੰਜਾਬ, ਸਿੱਖਿਆ, ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲੇ ਨੂੰ ਵਧਾਉਣ...

ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲੇ ਨੂੰ ਵਧਾਉਣ ਲਈ ਸੂਬਾ ਪੱਧਰੀ ਮੁਹਿੰਮ ਦਾ ਆਗ਼ਾਜ਼; 10 ਫ਼ੀਸਦੀ ਦਾਖਲਾ ਵਧਾਉਣ ਦਾ ਟੀਚਾ ਮਿੱਥਿਆ

Admin User - Mar 20, 2025 07:52 PM
IMG

ਚੰਡੀਗੜ੍ਹ, 20 ਮਾਰਚ:ਸੂਬੇ ਵਿੱਚ ਦਾਖਲਾ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਫੇਜ਼-2, ਐਸ.ਏ.ਐਸ. ਨਗਰ ਵਿਖੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਨੂੰ ਵਧਾਉਣ ਸਬੰਧੀ ਸੂਬਾ ਪੱਧਰੀ ਮੁਹਿੰਮ ਦੀ ਸ਼ੁਰੂਆਤ ਕੀਤੀ।


ਬੈਨਰਾਂ ਅਤੇ ਲਾਊਡਸਪੀਕਰਾਂ ਵਾਲੀ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਉਪਰੰਤ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਮੁਹਿੰਮ ਦੀ ਵਿਆਪਕ ਪਹੁੰਚ ਨੂੰ ਯਕੀਨੀ ਬਣਾਉਣ ਲਈ 23 ਵੈਨਾਂ ਪੰਜਾਬ ਭਰ ਦੇ ਸਾਰੇ 228 ਵਿਦਿਅਕ ਬਲਾਕਾਂ ਵਿੱਚ ਜਾਣਗੀਆਂ। ਇਸ ਨਾਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਵਧਾਉਣ ਵਿੱਚ ਕਾਫੀ ਮਦਦ ਮਿਲੇਗੀ।


ਉਨ੍ਹਾਂ ਨੇ ਵਿਭਾਗ ਦੇ ਪ੍ਰੀ-ਪ੍ਰਾਇਮਰੀ ਸਕੂਲਾਂ ਵਿੱਚ 10 ਫ਼ੀਸਦ ਦਾਖਲਾ ਵਧਾਉਣ ਸਬੰਧੀ ਟੀਚੇ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ, ਸੂਬੇ ਦੇ 13,100 ਪ੍ਰੀ-ਪ੍ਰਾਇਮਰੀ ਸਕੂਲਾਂ ਵਿੱਚ 3.51 ਲੱਖ ਤੋਂ ਵੱਧ ਵਿਦਿਆਰਥੀ ਦਾਖਲ ਹੋਏ ਸਨ।


ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਦਾਖਲਾ ਮੁਹਿੰਮ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਪਛਾਣ ਕਰਨ, ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਨੂੰ ਉਤਸ਼ਾਹਿਤ ਕਰਨ ਅਤੇ ਸਿੱਖਿਆ ਤੱਕ ਸਾਰਿਆਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਭਾਈਚਾਰਕ ਸ਼ਮੂਲੀਅਤ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਇਸ ਮੁਹਿੰਮ ਵਿੱਚ ਸਥਾਨਕ ਵਿਧਾਇਕ, ਡਿਪਟੀ ਕਮਿਸ਼ਨਰ, ਐਸ.ਡੀ.ਐਮ., ਸਥਾਨਕ ਜਨਤਕ ਸ਼ਖਸੀਅਤਾਂ, ਸਕੂਲ ਪ੍ਰਬੰਧਨ ਕਮੇਟੀਆਂ (ਐਸ.ਐਮ.ਸੀ.) ਦੇ ਮੈਂਬਰ, ਪੰਚਾਇਤਾਂ ਅਤੇ ਸਾਰੇ ਸਕੂਲ ਮੁਖੀ ਹਿੱਸਾ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ ਮੁਹਿੰਮ ਦਾ ਮੁੱਖ ਉਦੇਸ਼ ਮਾਪਿਆਂ ਅਤੇ ਭਾਈਚਾਰੇ ਵਿੱਚ ਸਿੱਖਿਆ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਲਈ ਉਤਸ਼ਾਹਿਤ ਕਰਨਾ ਹੈ।


ਸਕੂਲ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਸਾਲ ਸਰਕਾਰੀ ਸਕੂਲਾਂ ਦੇ 189 ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਪਾਸ ਕੀਤੀ ਹੈ। ਇਹ ਸ਼ਲਾਘਾਯੋਗ ਪ੍ਰਾਪਤੀ ਸਰਕਾਰੀ ਸਕੂਲਾਂ ਵਿੱਚ ਪ੍ਰਦਾਨ ਕੀਤੀ ਜਾ ਰਹੀ ਮਿਆਰੀ ਸਿੱਖਿਆ ਦਾ ਪ੍ਰਮਾਣ ਹੈ। ਉਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਨ੍ਹਾਂ ਅਧਿਆਪਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸਫਲ ਬਣਾਉਣ ਵਿੱਚ ਮਦਦ ਕੀਤੀ।


ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ 3 ਸਾਲਾਂ ਦੌਰਾਨ ਸਕੂਲ ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਉਜਾਗਰ ਕਰਦਿਆਂ ਸ. ਬੈਂਸ ਨੇ ਦੱਸਿਆ ਕਿ ਸਾਰੇ ਸਰਕਾਰੀ ਸਕੂਲਾਂ ਵਿੱਚ ਵਾਈ-ਫਾਈ ਇੰਟਰਨੈੱਟ ਕੁਨੈਕਸ਼ਨ, ਫਰਨੀਚਰ, ਲੜਕੇ ਅਤੇ ਲੜਕੀਆਂ ਲਈ ਵੱਖਰੇ ਪਖਾਨਿਆਂ ਤੋਂ ਇਲਾਵਾ ਸਾਰੇ ਸਕੂਲ ਆਫ ਐਮੀਨੈਂਸ ਅਤੇ ਲੜਕੀਆਂ ਦੇ 17 ਸਕੂਲਾਂ ਲਈ ਬੱਸ ਸਹੂਲਤ ਸ਼ੁਰੂ ਕਰਨ ਸਮੇਤ ਸਾਰੀਆਂ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 10,000 ਤੋਂ ਵੱਧ ਨਵੇਂ ਕਲਾਸਰੂਮ ਬਣਾਏ ਗਏ ਹਨ ਅਤੇ 6000 ਕਲਾਸਰੂਮਾਂ ਦਾ ਨਵੀਨੀਕਰਨ ਕੀਤਾ ਗਿਆ ਹੈ, ਅਤੇ 8000 ਸਰਕਾਰੀ ਸਕੂਲਾਂ ਵਿੱਚ 1300 ਕਿਲੋਮੀਟਰ ਲੰਬੀਆਂ ਚਾਰਦੀਵਾਰੀਆਂ ਬਣਾਈਆਂ ਗਈਆਂ ਹਨ।


ਇਸ ਮੌਕੇ ਐੱਸ.ਸੀ.ਈ.ਆਰ.ਟੀ. ਦੀ ਡਾਇਰੈਕਟਰ ਮਿਸ ਅਮਨਿੰਦਰ ਕੌਰ ਬਰਾੜ, ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪਰਮਜੀਤ ਸਿੰਘ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.