ਤਾਜਾ ਖਬਰਾਂ
ਲੁਧਿਆਣਾ, 19 ਮਾਰਚ-ਨਵ-ਨਿਯੁਕਤ ਅਧਿਆਪਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਲੰਬੇ ਸਮੇਂ ਤੋਂ ਅਧੂਰੇ ਪਏ ਸੁਪਨੇ ਪੂਰੇ ਹੋਏ ਹਨ।
ਆਪਣੇ ਤਜਰਬਾ ਸਾਂਝਾ ਕਰਦਿਆਂ ਬਰਨਾਲਾ ਤੋਂ ਗੁਰਜੀਤ ਕੌਰ ਨੇ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਦੇਣ ਲਈ ਮੁੱਖ ਮੰਤਰੀ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨੌਕਰੀ ਦੇ ਚਾਹਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ ਜੋ ਪਿਛਲੇ ਪੰਜ ਸਾਲਾਂ ਤੋਂ ਨੌਕਰੀਆਂ ਲਈ ਦੌੜ-ਭੱਜ ਕਰ ਰਹੇ ਸਨ। ਉਨ੍ਹਾਂ ਨੇ 'ਰੰਗਲਾ ਪੰਜਾਬ' ਬਣਾਉਣ ਲਈ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਸ੍ਰੀ ਅਨੰਦਪੁਰ ਸਾਹਿਬ ਤੋਂ ਅਧਿਆਪਕਾ ਸੁਦੇਸ਼ ਕੁਮਾਰੀ ਨੇ ਕਿਹਾ ਕਿ ਉਹ ਪੰਜ ਭੈਣਾਂ ਹਨ ਜਿਨ੍ਹਾਂ ਵਿੱਚੋਂ ਚਾਰ ਨੂੰ ਸਰਕਾਰੀ ਨੌਕਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਕੀਤੀ ਹੈ ਅਤੇ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੂਰੀ ਭਰਤੀ ਪ੍ਰਕਿਰਿਆ ਪਾਰਦਰਸ਼ਤਾ ਅਤੇ ਨਿਰਪੱਖ ਢੰਗ ਨਾਲ ਪੂਰੀ ਹੋਈ ਹੈ।
ਲੁਧਿਆਣਾ ਤੋਂ ਸੁੱਖਾ ਰਾਮ ਨੇ ਕਿਹਾ ਕਿ ਇਹ ਭਰਤੀ ਲੰਬੇ ਸਮੇਂ ਤੋਂ ਪ੍ਰਕਿਰਿਆ ਅਧੀਨ ਸੀ ਪਰ ਮੁੱਖ ਮੰਤਰੀ ਦੇ ਦਖਲ ਕਾਰਨ ਉਨ੍ਹਾਂ ਨੂੰ ਨੌਕਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਮੇਂ ਕਿਸੇ ਵੀ ਸਰਕਾਰ ਨੇ ਆਮ ਆਦਮੀ ਦੀਆਂ ਦੁੱਖ-ਤਕਲੀਫਾਂ ਦੀ ਕਦੇ ਪ੍ਰਵਾਹ ਨਹੀਂ ਕੀਤੀ ਪਰ ਇਸ ਸਰਕਾਰ ਨੇ ਉਨ੍ਹਾਂ ਦੇ ਮਾਪਿਆਂ ਦੇ ਸੁਪਨੇ ਨੂੰ ਸੱਚ ਕੀਤਾ ਹੈ।
ਮਾਨਸਾ ਤੋਂ ਗੁਰਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਉਹ ਸਾਲ 2014 ਤੋਂ ਸਰਕਾਰੀ ਨੌਕਰੀ ਲਈ ਕੋਸ਼ਿਸ਼ ਕਰ ਰਹੇ ਸਨ ਪਰ ਉਹ ਇਸ ਭਰਤੀ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਲਈ ਮੁੱਖ ਮੰਤਰੀ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਹੁਣ ਉਹ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਉਣਗੇ।
ਗੁਰਦਾਸਪੁਰ ਤੋਂ ਮਨਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਨਿੱਜੀ ਤੌਰ 'ਤੇ ਭਰਤੀ ਨੂੰ ਨਿਰੋਲ ਮੈਰਿਟ ਦੇ ਅਧਾਰ ਉਤੇ ਕਰਵਾਉਣ ਦਾ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਆਮ ਆਦਮੀ ਦੇ ਸੁਪਨੇ ਨੂੰ ਪੂਰਾ ਕਰ ਰਹੀ ਹੈ ਅਤੇ ਇਹ ਉਨ੍ਹਾਂ ਸਾਰਿਆਂ ਲਈ ਇਤਿਹਾਸਕ ਪਲ ਹਨ।
Get all latest content delivered to your email a few times a month.