ਤਾਜਾ ਖਬਰਾਂ
ਲਹਿਰਾਗਾਗਾ, 18 ਮਾਰਚ- ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਪੰਜਾਬ ਨਵ-ਸਿਰਜਣਾ ਮੁਹਿੰਮ ਤਹਿਤ ਸੀਬਾ ਸਕੂਲ, ਲਹਿਰਾਗਾਗਾ ਵਿਖੇ ਸਾਹਿਤਕ-ਸਮਾਰੋਹ ਦਾ ਆਯੋਜਨ ਕੀਤਾ ਗਿਆ। ਡਾ. ਜਗਦੀਸ਼ ਕੌਰ ਨੇ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਭਾਸ਼ਣ ਦੌਰਾਨ ਬੋਲਦਿਆਂ ਕਿਹਾ ਕਿ ਮਹਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਨਕਸ਼ ਘੜਨ ਅਤੇ ਸੱਭਿਆਚਾਰਕ ਵਿਰਾਸਤ ਸੰਭਾਲਣ ਲਈ ਲਾਮਿਸਾਲ ਕੰਮ ਕੀਤੇ ਸਨ। ਉਹਨਾਂ ਨੇ ਇਕ ਸਰਕਾਰੀ ਅਧਿਕਾਰੀ ਹੁੰਦਿਆਂ ਹੋਇਆਂ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦੇ ਵਿਕਾਸ ਲਈ ਜੋ ਕੁਝ ਕੀਤਾ, ਉਹ ਵਿਲੱਖਣ ਹੈ। ਦਰਅਸਲ, ਉਹ ਗੁਣਾਂ ਦਾ ਖ਼ਜ਼ਾਨਾ ਸਨ। ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਇਕ ਆਧਾਰ ਹਾਂ-ਪੱਖੀ ਸੋਚ ਸੀ। ਉਹਨਾਂ ਨੇ ਆਧੁਨਿਕ ਪੰਜਾਬ ਦੀ ਸਿਰਜਣਾ ਲਈ ਲਾਮਿਸਾਲ ਅਗਵਾਈ ਦਿੱਤੀ। ਪ੍ਰੋਫੈਸਰ ਅਤੈ ਸਿੰਘ ਨੇ ਪਦਮਸ਼੍ਰੀ ਸੁਰਜੀਤ ਪਾਤਰ ਯਾਦਗਾਰੀ ਭਾਸ਼ਣ ਦੌਰਾਨ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਹਿਤ ਸਿਰਜਣਾ ਰਾਹੀਂ ਪੰਜਾਬੀ ਮਾਂ ਬੋਲੀ, ਸਿੱਖਿਆ, ਲੋਕਪੱਖੀ ਸਾਹਿਤ ਤੇ ਸੱਭਿਆਚਾਰ ਦੇ ਵਿਕਾਸ ਅਤੇ ਇਨ੍ਹਾਂ ਦੇ ਪ੍ਰਚਾਰ ਅਤੇ ਪਸਾਰ ਵਿੱਚ ਲਗਾਤਾਰ ਵੱਡਾ ਯੋਗਦਾਨ ਪਾਇਆ। ਪ੍ਰਗਤੀਵਾਦੀ ਸ਼ਾਇਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਿਸੇ ਵਿਸ਼ੇਸ਼ ਵਿਚਾਰਧਾਰਾ ਜਾਂ ਫਲਸਫ਼ੇ ਨਾਲ ਜੁੜਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ। ਉਸ ਦੀ ਰਚਨਾਂ ਅੰਦਰ ਪੰਜਾਬੀ ਲੋਕਾਂ ਦੇ ਜ਼ਜਬਾਤ ਹਨ, ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਹਨ ਇਹ ਕਵਿਤਾਵਾਂ, ਇਕ ਦਰਦ ਹਨ ਜਿਸ ਨੂੰ ਆਮ ਲੋਕ ਹੱਡੀ ਹੰਢਾ ਰਹੇ ਹਨ। ਸੁਰਜੀਤ ਪਾਤਰ ਨੇ ਲੋਕਾਂ ਦੇ ਦੁੱਖਾਂ ਦਰਦਾਂ ਨੁੰ ਆਪਣੀ ਕਵਿਤਾ ਤੇ ਗਜ਼ਲ ਰਾਹੀਂ ਬੜੇ ਹੀ ਵਧੀਆ ਤਰੀਕੇ ਨਾਲ ਕਲਮਬੰਦ ਕੀਤਾ ਹੈ, ਜਿਸ ਵਿਚ ਉਸ ਦੇ ਨਿੱਜੀ ਤਜ਼ਰਬੇ ਵੀ ਸਾਮਿਲ ਹਨ। ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਜਗਦੀਸ਼ ਪਾਪੜਾ ਨੇ ਦੋਵਾਂ ਬੁਲਾਰਿਆਂ ਦੇ ਭਾਸ਼ਣਾਂ ਦਾ ਤੱਤ-ਸਾਰ ਪੇਸ਼ ਕੀਤਾ ਅਤੇ ਪਾਤਰ ਦੀ ਕਵਿਤਾ 'ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ? ਸਰੋਤਿਆਂ ਨਾਲ ਸਾਂਝੀ ਕੀਤੀ। ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਪੰਜਾਬ ਕਲਾ ਪਰਿਸ਼ਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਰਜੀਤ ਪਾਤਰ ਸੀਬਾ ਲਈ ਪ੍ਰੇਰਨਾ ਸਰੋਤ ਹਨ ਅਤੇ ਉਨਾਂ ਦੇ ਹੌਸਲਾ ਅਫਜਾਈ ਕਰਕੇ ਬਹੁਤ ਸਾਰੇ ਸਾਹਿਤਕ ਅਤੇ ਕਲਾ ਦੇ ਪ੍ਰੋਗਰਾਮ ਸੀਬਾ ਵਿੱਚ ਹੋਏ। ਇਸ ਦੌਰਾਨ ਸੁਰਜੀਤ ਪਾਤਰ ਕਾਵਿ ਦੀ ਕੈਲੀਗ੍ਰਾਫੀ ਦੀ ਕਲਾ ਪ੍ਰਦਰਸ਼ਨੀ ਵੀ ਲਾਈ ਗਈ।
ਇਸ ਮੌਕੇ ਅਮਨ ਢੀਂਡਸਾ, ਰਾਜਪਾਲ ਕੌਰ, ਰਣਜੀਤ ਲਹਿਰਾ, ਗੁਰਿੰਦਰ ਪਾਲ ਗਰੇਵਾਲ, ਮਾ. ਰਤਨਪਾਲ ਡੂਡੀਆਂ, ਗੁਰਮੇਲ ਖਾਈ, ਸੁਖਜਿੰਦਰ ਲਾਲੀ, ਮਾਸਟਰ ਜਗਨਨਾਥ, ਡਾ. ਬਿਹਾਰੀ ਮੰਡੇਰ ਸਮੇਤ ਹੋਰ ਸਾਹਿਤ-ਪ੍ਰੇਮੀ ਹਾਜ਼ਰ ਸਨ।
Get all latest content delivered to your email a few times a month.