ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ, ਫੌਰੀ ਹੱਲ ਨਾ ਹੋਇਆ ਤਾਂ ਖੜਾ ਹੋ ਸਕਦਾ ਹੈ ਵੱਡਾ ਵਿਵਾਦ : ਕੁਲਜੀਤ ਸਿੰਘ ਬੇਦੀ
ਮੋਹਾਲੀ : ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੋਹਾਲੀ ਵਿੱਚ ਸਿੱਖ ਬੀਬੀਆਂ ਦੇ ਹੈਲਮੇਟਾਂ ਦੇ ਹੋ ਰਹੇ ਚਲਾਨਾਂ ਦੀ ਸਖਤ ਨਿਖੇਧੀ ਕਰਦਿਆਂ ਇਹਨਾਂ ਚਲਾਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਪੱਤਰ ਦੀ ਕਾਪੀ ਡੀਜੀਪੀ ਪੰਜਾਬ, ਡੀਸੀ ਮੋਹਾਲੀ ਅਤੇ ਐਸਐਸਪੀ ਮੋਹਾਲੀ ਨੂੰ ਵੀ ਭੇਜੀ ਗਈ ਹੈ।
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਮੋਹਾਲੀ ਵਿੱਚ ਸੀਸੀਟੀਵੀ ਕੈਮਰਾ ਰਾਹੀਂ ਚਲਾਨ ਕੱਟੇ ਜਾ ਰਹੇ ਹਨ ਜੋ ਕਿ ਮੋਹਾਲੀ ਪੁਲਿਸ ਦਾ ਇੱਕ ਵਧੀਆ ਉਪਰਾਲਾ ਹੈ ਪਰ ਮੋਹਾਲੀ ਵਿੱਚ ਸਿੱਖ ਬੀਬੀਆਂ ਦੇ ਹੈਲਮੇਟ ਦੇ ਚਲਾਨ ਕੱਟੇ ਜਾ ਰਹੇ ਹਨ ਜੋ ਕਿ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਹਨਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਬੀਬੀਆਂ ਹੈਲਪਮੈਂਟ ਨਹੀਂ ਪਾਉਂਦੀਆਂ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂ ਤੇ ਵਸੇ ਹੋਏ ਇਸ ਸ਼ਹਿਰ ਵਿੱਚ ਸਿੱਖ ਬੀਬੀਆਂ ਦੇ ਹੈਲਮਟ ਦੇ ਚਲਾਨ ਕੱਟੇ ਜਾਣੇ ਬਹੁਤ ਹੀ ਮੰਦਭਾਗੀ ਗੱਲ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ।
ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਚਲਾਨ ਬਿਲਕੁਲ ਬੰਦ ਕੀਤੇ ਜਾਣ ਅਤੇ ਜਿਨਾਂ ਬੀਬੀਆਂ ਦੇ ਅਜਿਹੇ ਚਲਾਨ ਕੱਟੇ ਗਏ ਹਨ। ਉਹਨਾਂ ਦੇ ਚਲਾਨ ਸ਼ਨਾਖਤ ਕਰਕੇ ਬਿਨਾਂ ਕੋਈ ਜੁਰਮਾਨਾ ਲਏ ਖਤਮ ਕੀਤੇ ਜਾਣ। ਉਹਨਾਂ ਕਿਹਾ ਕਿ ਬੀਬੀਆਂ ਦੇ ਚਲਾਨਾ ਵਾਸਤੇ ਮੈਨੂਅਲ ਤਰੀਕੇ ਨਾਲ ਕੰਮ ਕੀਤਾ ਜਾ ਸਕਦਾ ਹੈ। ਜਾਂ ਕੋਈ ਹੋਰ ਤਰੀਕਾ ਅਡੋਪਟ ਕੀਤਾ ਜਾ ਸਕਦਾ ਹੈ ਪਰ ਇਹ ਤਰੀਕਾ ਕਿਸੇ ਵੀ ਤਰਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਫੌਰੀ ਤੌਰ ਤੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਇਹ ਵੱਡਾ ਵਿਵਾਦ ਬਣ ਸਕਦਾ ਹੈ। ਇਸ ਕਰਕੇ ਪੰਜਾਬ ਸਰਕਾਰ ਤੁਰੰਤ ਇਸ ਪਾਸੇ ਧਿਆਨ ਦੇਵੇ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਸਿੱਖ ਬੀਬੀਆਂ ਦੇ ਹੈਲਮਟ ਦੇ ਚਲਾਨ ਨਾ ਕੱਟੇ ਜਾਣ।
Get all latest content delivered to your email a few times a month.