IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਕਦੇ ਸੋਚਿਆ ,ਕੋਈ ਪੰਜਾਬੀ ਜਾਂ ਸਿੱਖ ਵਿਗਿਆਨੀ ਆਪਣੀ ਖੋਜ ਬਿਰਤੀ...

ਕਦੇ ਸੋਚਿਆ ,ਕੋਈ ਪੰਜਾਬੀ ਜਾਂ ਸਿੱਖ ਵਿਗਿਆਨੀ ਆਪਣੀ ਖੋਜ ਬਿਰਤੀ ਨਾਲ ਥਾਮਸ ਅਲਵਾ ਐਡੀਸਨ ਤੋਂ ਅਗੇ ਲੰਘਿਆ ਹੋਵੇ ?... ਜਾਣਨ ਲਈ ਪੜ੍ਹੋ ਪੂਰੀ ਖਬਰ

Admin User - Mar 15, 2025 01:57 PM
IMG

ਸਾਨੂੰ ਮਾਣ ਹੈ ਡਾ ਗੁਰਤੇਜ ਸਿੰਘ ਸੰਧੂ ਤੇ ਜਿਸਨੂੰ ਉਸਦੀ ਵਿਲੱਖਣ ਵਿਗਿਆਨਕ ਰੁਚੀ ਅਤੇ 1300 ਤੋਂ ਵਧ ਯੂਟਿਲਟੀ ਪੇਟੈਂਟ ਕਾਰਨ ਕਲ ਭਾਰਤ ਦੇ ਰਾਸ਼ਟਰਪਤੀ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵਿਗਿਆਨ ਰਤਨ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਹੈ।

ਅਮਰੀਕਾ ਦੇ ਇਡਾਹੋ ਸਟੇਟ ਦੀ ਰਾਜਧਾਨੀ Boise ਸ਼ਹਿਰ ਦੇ ਏਅਰਪੋਰਟ ਤੇ ਇਸ ਸਿੱਖ ਵਿਗਿਆਨੀ ਦੀ ਫੋਟੋ ਵੇਖਕੇ ਰੂਹ ਖੁਸ਼ ਹੋ ਜਾਂਦੀ ਹੈ। 

ਅਮਰੀਕਾ ਦਾ ਉਤਰੀ ਸੂਬਾ ਇਡਾਹੋ ਮਾਈਕਰੋਨ ਕੰਪਨੀ ਦਾ ਹੈਡਕੁਆਰਟਰ ਹੈ ਜਿਥੇ ਦਸ ਹਜਾਰ ਤਕਨੀਕੀ ਮਾਹਿਰ ਕੰਮ ਕਰਦੇ ਹਨ। ਡਾ ਸੰਧੂ ਇਸ ਕੰਪਨੀ ਦਾ ਨੌਜਵਾਨ ਵਾਈਸ ਚੇਅਰਮੈਨ ਹੈ।ਸਥਾਨਕ ਮੀਡੀਆ ਡਾ ਗੁਰਤੇਜ ਸਿੰਘ ਸੰਧੂ ਦੀ ਬਹੁਤ ਪ੍ਰਸੰਸਾ ਕਰਦਾ ਹੈ। ਅਖਬਾਰਾਂ / ਮੈਗਜ਼ੀਨਾਂ ਦੀਆਂ ਸੁਰਖੀਆਂ ਵਿਚ ਉਸਨੂੰ ਐਡੀਸਨ ਤੋਂ ਵਡਾ ਖੋਜੀ ਵਿਗਿਆਨੀ ਦਸਿਆ ਗਿਆ ਹੈ। ਡਾ ਸੰਧੂ ਚ ਨਿਮਰਤਾ ਐਨੀ ਕਿ ਓਨਾਂ ਕਦੀ ਆਪਣੇ ਆਪ ਨੂੰ ਐਡੀਸਨ ਦੇ ਬਰਾਬਰ ਖੜਾ ਨਹੀਂ ਕੀਤਾ। ਡਾ ਸੰਧੂ ਇਸ ਗੱਲ ਵਿਚ ਫ਼ਖ਼ਰ ਮਹਿਸੂਸ ਕਰਦੇ ਹਨ ਕਿ ਓਨਾਂ ਵਲੋਂ ਮਾਈਕਰੋਨ ਕੰਪਨੀ ਵਿਚ ਚਿੱਪ ਦੇ ਖੇਤਰ ਪਾਏ ਯੋਗਦਾਨ ਨਾਲ ਕਰੋੜਾਂ ਨਹੀਂ ਅਰਬਾਂ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ।

ਲੰਡਨ ਵਿਚ ਸਿੱਖ ਮਾਪਿਆਂ ਦੇ ਘਰ ਪੈਦਾ ਹੋਏ ਡਾ ਸੰਧੂ ਸਕੂਲ ਪੱਧਰ ਤੋਂ ਹੀ ਖੋਜੀ ਬਿਰਤੀ ਵਾਲੇ ਸਨ। ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ਨਵੀਂ ਦਿਲੀ ਤੋਂ ਗਰੈਜੂਏਸ਼ਨ ਕਰਨ ਉਪਰੰਤ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਯੂ ਐਸ. ਵਿਚੋਂ ਡਾਕਟਰੇਟ ਕਰਕੇ ਸਾਲ 1990 ਤੋਂ Boise ਵਿਚ ਸੀਨੀਅਰ ਫੈਲੋ ਅਤੇ ਵਾਈਸ ਪ੍ਰੈਜ਼ੀਡੈਂਟ ਦੇ ਰੂਪ ਵਿਚ ਮਾਈਕਰੋਨ ਟੈਕਨਾਲੋਜੀ ਵਿਚ ਨਵੀਆਂ ਈਜਾਦਾਂ ਨਾਲ ਆਪਣਾ ਯੋਗਦਾਨ ਪਾ ਰਹੇ ਹਨ। ਨੇੜਲੇ ਭਵਿੱਖ ਚ ਭੌਤਿਕ ਵਿਗਿਆਨ ਵਿਚ ਨੋਬਲ ਪੁਰਸਕਾਰ ਦਾ ਸਿਹਰਾ ਓਨਾਂ ਦੀ ਦਸਤਾਰ ਤੇ ਟਿਕ ਸਕਦਾ ਹੈ।

 ਬਹੁਤੇ ਪੰਜਾਬੀ /ਸਿਖ ਪਰਿਵਾਰਾਂ ਦੇ ਨੌਜਵਾਨ ਵਿਦਿਆਰਥੀਆ ਨੂੰ ਸ਼ਾਇਦ ਹੀ ਇਸ ਵਿਗਿਆਨੀ ਬਾਰੇ ਜਾਣਕਾਰੀ ਹੋਵੇ। ਸਾਡੇ ਘਰ-ਪਰਿਵਾਰਾਂ ਅਤੇ ਸਕੂਲਾਂ ਵਿਚ ਰੋਲ ਮਾਡਲ ਦੇ ਰੂਪ ਵਿਚ ਇਹ ਦੱਸਣ ਦੀ ਰੁਚੀ ਹੀ ਨਹੀਂ ਹੈ। ਸਾਡੇ ਸਮਾਜਿਕ ਤਾਣੇ ਬਾਣੇ ਵਿਚ ਵਿਦਿਆ ,ਰੀਸਰਚ ,ਵਿਗਿਆਨਕ ਖੇਤਰਾਂ ਵਿਚ ਨਵੀਆਂ ਖੋਜਾਂ ਕਰਨ ਵਾਲੇ ਨੂੰ ਕੌਣ ਉਤਸ਼ਾਹਿਤ ਕਰਦਾ ਹੈ। ਸਕੂਲਾਂ ਵਿਚ ਪੜਾਉਂਦੇ ਅਧਿਆਪਕਾਂ ਨੂੰ ਕਿੰਨੇ ਕੁ ਪਿੰਡਾਂ ਵਿਚ ਪੰਚਾਇਤਾਂ ਜਾਂ ਸਮਾਜ ਸੇਵੀ ਸੰਸਥਾਵਾਂ ਵਲੋਂ ਸਨਮਾਨਿਤ ਕਰਨ ਦਾ ਯਤਨ ਕੀਤਾ ਗਿਆ ਹੈ ? ਜਿਹੜੇ ਸਾਡੇ ਭਵਿੱਖ ਦੀ ਨੀਂਹ ਉਸਾਰ ਰਹੇ ਹਨ ਓਨਾਂ ਵਲ ਕਿੰਨਾ ਕੁ ਧਿਆਨ ਗਿਆ ਹੈ। ਜਦ ਅਸੀਂ ਸਿਖਿਆ ਨੂੰ ਓਹ ਪ੍ਰਾਥਮਿਕਤਾ ਦਿਤੀ ਹੋਈ ਨੀ ਜਿਹੜੀ ਖੁਸ਼ਹਾਲ ਕੌਮਾਂ ਵਲੋਂ ਦਿਤੀ ਜਾਂਦੀ ਹੈ ਤਾਂ ਸਾਡਾ ਨਿਘਾਰ ਤਾਂ ਕਈ ਦਹਾਕੇ ਪਹਿਲਾਂ ਤਹਿ ਸੀ।

ਇਕ ਹੋਰ ਵਿਸ਼ਵ ਪ੍ਰਸਿਧ ਸਿੱਖ ਵਿਗਿਆਨੀ ਸਵਰਗੀ ਨਰਿੰਦਰ ਸਿੰਘ ਕਪਾਨੀ (ਮੋਗਾ ਦੇ ਜੰਮ ਪਲ)ਨੇ ਦੁਨੀਆਂ ਦੇ ਸੰਚਾਰ ਸਾਧਨਾਂ ਵਿਚ ਆਪਣੇ ਫਾਈਬਰ ਆਪਟਿਕਸ ਦੀ ਖੋਜ ਨਾਲ ਕਰਾਂਤੀ ਲਿਆ ਦਿਤੀ। ਜੇਕਰ ਅਜ ਮੋਬਾਈਲ ਜਾਂ ਦੂਸਰੇ ਆਈ ਟੀ ਟੂਲ ਹਰ ਛੋਟੇ -ਵਡੇ ਦੇ ਹਥ ਵਿਚ ਹਨ ਤਾਂ ਇਸਦਾ ਸਿਹਰਾ ਨਰਿੰਦਰ ਸਿੰਘ ਕਪਾਨੀ ਨੂੰ ਜਾਂਦਾ ਹੈ। ਹੁਣ ਤਾਂ ਕੁਝ ਸਾਲ ਪਹਿਲਾਂ ਓਹ ਅਮਰੀਕਾ ਰਹਿੰਦਿਆਂ ਸੁਰਗਵਾਸ ਹੋ ਗਏ ਪਰ ਜਿਊਂਦਿਆਂ ਜੀਅ ਕਿੰਨੀਆਂ ਕੁ ਸੰਸਥਾਵਾਂ ਨੇ ਪੰਜਾਬ ਵਿਚ ਓਹਦਾ ਸਨਮਾਨ ਕੀਤਾ ਸੀ ?  

ਸਾਲ 2016 ਵਿਚ ਬਤੌਰ ਡਾਇਰੈਕਟਰ ਜਨਰਲ ਸਿਖਿਆ ਪੰਜਾਬ, ਮੈਂ ਸਰਕਾਰ ਅਤੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸੁਝਾਓ ਦਿਤਾ ਸੀ ਇੰਨਾ ਸਿੱਖ ਵਿਗਿਆਨੀਆਂ ਦੀਆਂ ਤਸਵੀਰਾਂ ਪੰਜਾਬ ਦੇ ਸਕੂਲਾਂ ਵਿਚ ਲਗਾਈਆਂ ਜਾਣ। ਸਾਡੀ ਪੰਜਾਬੀਆਂ ਦੀ ਰੁਚੀ ਹੀ ਕਿਸੇ ਹੋਰ ਪਾਸੇ ਹੈ।ਪਿਛਲੇ ਦੋ ਤਿੰਨ ਦਹਾਕਿਆਂ ਵਿਚ ਸਾਡੀਆਂ ਸੜਕਾਂ ਤੇ ਮੈਰਿਜ ਪੈਲੇਸ ਅਤੇ ਪੈਟਰੌਲ ਪੰਪ ਖੁੰਬਾਂ ਵਾਂਗੂ ਉਗੇ ਹਨ। ਸਮਾਜ ਦਾ ਬਹੁਤ ਕੀਮਤੀ ਸਰਮਾਇਆ ਬੇਲੋੜੇ ਵਿਆਹ ਜਸ਼ਨਾਂ ਅਤੇ ਦਿਖਾਵੇ ਦੇ ਰੂਪ ਵਿਚ ਵਡੀਆਂ ਮਰਸਡੀਜ਼ ਗਡੀਆਂ ਤੇ ਖ਼ਰਚ ਹੋ ਰਿਹਾ ਹੈ। ਸਾਡੇ ਹਸਪਤਾਲਾਂ ਅਤੇ ਸਕੂਲਾਂ ਦੀ ਹਾਲਤ ਵਰਿਆਂ ਤੋਂ ਜਿਓਂ ਦੀ ਤਿਓਂ ਹੈ। ਗੁਣਾਤਮਕ ਤਬਦੀਲੀ ਕਿਧਰੇ ਨਜ਼ਰ ਨਹੀਂ ਆਓਂਦੀ ਭਾਵੇਂ ਇਮਾਰਤਾਂ ਤੇ ਰੰਗ ਰੋਗਣ ਜਰੂਰ ਹੋਇਆ ਹੈ। ਸਾਡੀ ਕਮਿਊਨਿਟੀ ਨੇ ਸਿਖਿਆ ਦੇ ਪਸਾਰ ਨੂੰ ਅਡਾਪਟ ਨਹੀਂ ਕੀਤਾ। ਇਵੇਂ ਸਰਕਾਰੀ ਹਸਪਤਾਲ ਵੀ ਬੀਮਾਰ ਹੀ ਨਜ਼ਰ ਆਓਂਦੇ ਹਨ। ਹਸਪਤਾਲਾਂ ਵਿਚ ਡਾਕਟਰ, ਦਵਾਈਆਂ ਦੀ ਕਮੀ ਅਤੇ ਸਕੂਲਾਂ ਵਿਚ ਅਧਿਆਪਕ ਅਤੇ ਪੜ੍ਹਨ ਸਮੱਗਰੀ ਦੀ ਘਾਟ ਬਾਰੇ ਮੈਂ ਪੰਜਾਬ ਦੀ ਕਿਸੇ ਸੜਕ ਤੇ ਧਰਨਾ ਨਹੀਂ ਲਗਿਆ ਵੇਖਿਆ।

ਜੇ ਅਜ ਸੰਭਲ਼ਾਂਗੇ ਤਾਂ ਵੀ ਅੱਧੀ ਸਦੀ ਠੀਕ ਹੋਣ ਨੂੰ ਲੱਗੇਗੀ। ਸਿੱਖਿਆ ਦੇ ਖੇਤਰ ਵਿਚ ਅਜ ਦਾ ਬੀਜਿਆ ਵੀਹ ਸਾਲ ਨੂੰ ਵੱਢੋਗੇ। ਧਾਰਮਿਕ,ਰਾਜਨੀਤਕ ਅਦਾਰਿਆਂ ਵਿਚਲੀ ਚਲ ਰਹੀ ਖਿੱਚੋਤਾਣ ਨੇ ਸਾਡਾ ਕੁਝ ਨੀ ਸੰਵਾਰਨਾ। ਜੇਕਰ ਦੁਨੀਆ ਵਿਚ ਕੌਮ ਦੀ ਵਿਲੱਖਣ ਹੈਸੀਅਤ ਕਾਇਮ ਰੱਖਣੀ ਹੈ ਤਾਂ ਵਿਦਿਆ ਤੇ ਫੋਕਸ ਕਰੋ। ਬੌਧਿਕ ਤਾਕਤ ਨਾਲ ਹੀ ਅਸੀ ਆਪਣਾ ਝੰਡਾ ਉਚਾ ਗੱਡ ਸਕਾਂਗੇ। ਸੰਸਾਰੀਕਰਨ ਦੇ ਵਿਰੋਧ ਵਿਚ ਚਲ ਰਹੀ ਹਵਾ ਨੇ ਯਹੂਦੀਆਂ ਦਾ ਕਿਓਂ ਨੀ ਕੁਛ ਵਿਗਾੜਿਆ ? 

ਸਾਡਿਆਂ ਨੂੰ ਕਿਓਂ ਹੱਥਕੜੀਆਂ ਲਾ ਕੇ ਫੌਜੀ ਜਹਾਜਾਂ ਚ ਭੇਜਿਆ,ਕਿਓਂ ਕਿ ਯਹੂਦੀ ਸਾਥੋਂ ਗਿਣਤੀ ਚ ਥੋੜੇ ਹੋਣ ਦੇ ਬਾਵਜੂਦ ਆਪਣੀ ਪਛਾਣ ਬਤੌਰ ਸਾਇੰਸਦਾਨ ਅਤੇ ਖੋਜੀ ਰਖਦੇ ਹਨ। ਸਾਰਾ ਡਿਜੀਟਲ ਗਿਆਨ ਅਤੇ ਤਕਨੀਕ ਯਹੂਦੀਆਂ ਦੇ ਹੱਥ ਵਿਚ ਹੈ। 

 ਆਓ ਅਸੀਂ ਤਹੱਈਆ ਕਰੀਏ ਕਿ ਹਰ ਪਿੰਡ ਅਤੇ ਘਰ ਵਿਚ ਸਾਇੰਸ ਅਤੇ ਤਕਨਾਲੋਜੀ ਦੀ ਪੜਾਈ ਵਿਚ ਬਚਿਆਂ ਦੀ ਰੁਚੀ ਪੈਦਾ ਹੋਵੇ। ਇੰਨਾਂ ਪੰਜਾਬੀ /ਸਿਖ ਵਿਗਿਆਨੀਆਂ ਦੀਆਂ ਤਸਵੀਰਾਂ ਹਰ ਸਕੂਲ ਅਤੇ ਪਿੰਡ ਵਿਚ ਲਗਾ ਕੇ ਬਚਿਆਂ ਲਈ ਰੋਲ ਮਾਡਲ ਪੇਸ਼ ਕਰੀਏ!  

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.