ਤਾਜਾ ਖਬਰਾਂ
ਸੰਗਰੂਰ- ਪੰਜਾਬ 'ਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਸਪਤਾਲ 'ਚ ਦਾਖਲ 15 ਔਰਤਾਂ ਦੀ ਸਿਹਤ ਅਚਾਨਕ ਵਿਗੜ ਗਈ। ਔਰਤਾਂ ਦੀ ਵਿਗੜਦੀ ਸਿਹਤ ਦਾ ਕਾਰਨ ਗੁਲੂਕੋਜ਼ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਗੁਲੂਕੋਜ਼ ਰਿਐਕਸ਼ਨ ਦਾ ਮਾਮਲਾ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਤੇ ਸੰਗਰੂਰ ਤੱਕ ਵੀ ਪਹੁੰਚ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਸਿਵਲ ਹਸਪਤਾਲ ਦੇ ਗਾਇਨੀਕੋਲਾਜੀ ਵਾਰਡ ਵਿੱਚ ਦਾਖ਼ਲ ਗਰਭਵਤੀ ਔਰਤਾਂ ਨੂੰ ਗਲੂਕੋਜ਼ ਰਿਐਕਸ਼ਨ ਕਰ ਗਿਆ। ਜਿਵੇਂ ਹੀ ਔਰਤਾਂ ਨੂੰ ਗੁਲੂਕੋਜ਼ ਲਾਇਆ ਗਿਆ, ਉਨ੍ਹਾਂ ਨੂੰ ਕੰਬਣੀ, ਤੇਜ਼ ਬੁਖਾਰ, ਸਾਹ ਲੈਣ ਵਿੱਚ ਮੁਸ਼ਕਲ ਅਤੇ ਬੇਚੈਨੀ ਮਹਿਸੂਸ ਹੋਣ ਲੱਗੀ। ਇਸ ਤੋਂ ਬਾਅਦ ਐਮਰਜੰਸੀ ਹਾਲਾਤਾਂ ਵਿਚ ਸਾਰੀਆਂ ਔਰਤਾਂ ਨੂੰ ਆਕਸੀਜਨ 'ਤੇ ਪਾ ਰੱਖਿਆ ਗਿਆ ਹੈ। ਇਕ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਾਕੀ ਔਰਤਾਂ ਖਤਰੇ ਤੋਂ ਬਾਹਰ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋਂ ਕਈ ਔਰਤਾਂ ਦੀ ਡਿਲੀਵਰੀ ਹੋ ਚੁੱਕੀ ਹੈ, ਉਨ੍ਹਾਂ ਦੇ ਬੱਚੇ ਛੋਟੇ ਹਨ ਅਤੇ ਉਹ ਖੁਦ ਵੀ ਮੁਸੀਬਤ 'ਚ ਘਿਰੀਆਂ ਹੋਈਆਂ ਹਨ।
ਇਸੇ ਦੌਰਾਨ ਸੰਗਰੂਰ ਦੇ ਐਸਐਮਓ ਦਾ ਕਹਿਣਾ ਹੈ ਕਿ ਗਲੂਕੋਜ਼ ਵਿੱਚ ਸਮੱਸਿਆ ਪਾਈ ਗਈ ਹੈ, ਜਿਸ ਕਾਰਨ ਔਰਤਾਂ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਗੁਲੂਕੋਜ਼ ਦਾ ਸਾਰਾ ਸਟਾਕ ਵਾਪਸ ਭੇਜਿਆ ਜਾ ਰਿਹਾ ਹੈ। ਬੀਮਾਰ ਔਰਤਾਂ ਠੀਕ ਹੋ ਗਈਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੁਲੂਕੋਜ਼ ਲਗਾਉਣ ਤੋਂ ਬਾਅਦ ਔਰਤਾਂ ਦੀ ਸਿਹਤ ਵਿਗੜ ਗਈ ਸੀ।
Get all latest content delivered to your email a few times a month.