ਤਾਜਾ ਖਬਰਾਂ
ਚੰਡੀਗੜ੍ਹ, 13 ਮਾਰਚ : ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਦੀ ਨਿਯੁਕਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਭਾਜਪਾ ਅਤੇ ਕੇਂਦਰੀ ਏਜੰਸੀਆਂ 'ਤੇ ਲਗਾਏ ਜਾ ਰਹੇ ਦੋਸ਼ਾਂ ਸਬੰਧੀ ਸਵਾਲਾਂ ਦੇ ਜਵਾਬ ਦਿੰਦਿਆਂ ਭਾਜਪਾ ਦੇ ਕੋਮੀ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਜਾਂ ਹਟਾਉਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਦਲ ਪਰਿਵਾਰ ਦੇ ਇਸ਼ਾਰੇ 'ਤੇ ਕੀਤਾ ਜਾਂਦਾ ਹੈ, ਨਾ ਕਿ ਭਾਜਪਾ ਜਾਂ ਕੇਂਦਰੀ ਏਜੰਸੀਆਂ ਦੇ ਇਸ਼ਾਰੇ 'ਤੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾ) ਦੇ ਆਗੂ ਬਾਦਲ ਪਰਿਵਾਰ ਨੂੰ ਬਚਾਉਣ ਲਈ ਝੂਠ ਤੇ ਝੂਠ ਬੋਲ ਰਹੇ ਹਨ। ਜਦੋਂ ਕਿ ਇਸੇ ਬਾਦਲ ਪਰਿਵਾਰ ਨੇ ਖਾਲਸਾ ਪੰਥ, ਤਖ਼ਤਾਂ ਦੀ ਮਰਿਆਦਾ ਅਤੇ ਕੌਮ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ।
ਗਰੇਵਾਲ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਬਚਾਉਣ ਲਈ ਸਾਹਿਬਜ਼ਾਦਿਆਂ ਸਮੇਤ ਆਪਣੇ ਸਮੁੱਚੇ ਪਰਿਵਾਰ ਦੀ ਸਹਾਦਤ ਦਿੱਤੀ। ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੇ ਖਾਲਸਾ ਪੰਥ ਅਤੇ ਕੌਮ ਦਾ ਸਿਰਫ਼ ਅਤੇ ਸਿਰਫ਼ ਅਪਮਾਨ ਕੀਤਾ ਹੈ। ਜੇਕਰ ਕਿਸੇ ਨੇ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਇਆ ਹੈ ਤਾਂ ਉਹ ਸੁਖਬੀਰ ਬਾਦਲ ਹੈ। ਅਜਿਹੇ ਲੋਕਾਂ ਤੋਂ ਕੌਮ ਅਤੇ ਪੰਥ ਨੂੰ ਬਚਾਉਣ ਲਈ, ਕੌਮ ਨੇ ਹੁਣ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਆਪਣੀ ਭਰੋਸੇਯੋਗਤਾ ਬਚਾਉਣ ਲਈ, ਇਹ ਲੋਕ ਆਪਣੇ ਮਾੜੇ ਕੰਮਾਂ ਦਾ ਦੋਸ਼ ਭਾਜਪਾ ਦੇ ਸਿਰ ਮੜ ਰਹੇ ਹਨ। ਭਾਜਪਾ ਵਿਰੁੱਧ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਦਾ ਸਿਰਫ਼ ਇੱਕ ਹੀ ਉਦੇਸ਼ ਹੈ ਅਤੇ ਉਹ ਹੈ ਬਾਦਲ ਪਰਿਵਾਰ ਨੂੰ ਬਚਾਉਣਾ। ਪਰ ਹੁਣ ਉਨ੍ਹਾਂ ਦੀ ਹਾਰ ਤੈਅ ਹੈ।
ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਭਾਜਪਾ ਕਦੇ ਵੀ ਕਿਸੇ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਨਹੀਂ ਦਿੰਦੀ। ਭਾਜਪਾ ਅਤੇ ਸਰਕਾਰੀ ਏਜੰਸੀਆਂ ਵਿਰੁੱਧ ਜ਼ਹਿਰ ਉਗਲਣ ਵਾਲਿਆਂ ਨੂੰ ਪਤਾ ਲੱਗ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਪੰਜਾਬ ਵਿੱਚ ਆਪਣੇ ਆਖਰੀ ਸਾਹ ਗਿਣ ਰਿਹਾ ਹੈ। ਦਿੱਲੀ ਵਿੱਚ ਭਾਜਪਾ ਨੂੰ ਮਿਲੇ ਭਾਰੀ ਜਨਤਕ ਸਮਰਥਨ ਤੋਂ ਬਾਅਦ, ਪੰਜਾਬ ਵਿੱਚ ਆਪਣੀ ਭਰੋਸੇਯੋਗਤਾ ਗੁਆ ਚੁੱਕੀ ਵਿਰੋਧੀ ਧਿਰ ਹੁਣ ਭਾਜਪਾ ਤੋਂ ਡਰਨ ਲੱਗ ਪਈ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨਾ ਤੈਅ ਹੈ।
Get all latest content delivered to your email a few times a month.