ਤਾਜਾ ਖਬਰਾਂ
ਚੰਡੀਗੜ੍ਹ, 12 ਮਾਰਚ: ਪੰਜਾਬੀ ਸੰਗੀਤਕ ਜਗਤ ਦੀ ਨਾਮੀਂ ਸਖਸ਼ੀਅਤ ਗੀਤਕਾਰ ਜਸਬੀਰ ਗੁਣਾਚੌਰੀਆ ਨੂੰ ਨਰਿੰਦਰ ਪਾਲ ਸਿੰਘ ਜਗਦਿਓ ਨੇ ਆਪਣੀ ਬਹੁ ਚਰਚਿਤ ਕਿਤਾਬ "ਵਾਹ ਜ਼ਿੰਦਗੀ!" ਦੀ ਕਾਪੀ ਭੇਂਟ ਕੀਤੀ। ਸਰੀ ਨਿਵਾਸੀ ਗੁਣਾਚੌਰੀਆ ਨੇ ਕਿਹਾ ਕਿ ਉਨ੍ਹਾਂ ਕਿਤਾਬ ਦੀ ਚਰਚਾ ਕੈਨੇਡਾ ਵਿੱਚ ਵੀ ਸੁਣੀ ਸੀ, ਜੋ ਕਿ ਪਾਠਕਾਂ ਨੂੰ ਸਾਕਾਰਾਤਮਕ ਊਰਜਾ ਨਾਲ ਭਰਨ ਦੀ ਸਮਰੱਥਾ ਰੱਖਦੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਸੋਸ਼ਲ ਮੀਡੀਆ ਦੌਰ ਵਿੱਚ ਵੀ ਕਿਤਾਬਾਂ ਦੀ ਸਾਰਥਕਤਾ ਬਣੀ ਹੋਈ ਹੈ ਅਤੇ ਜਿਹੜੀਆਂ ਕਿਤਾਬਾਂ ਹਰ ਉਮਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਲਿਖੀਆਂ ਜਾਂਦੀਆਂ ਹਨ, ਉਹ ਪਾਠਕਾਂ ਦੀ ਕਸਵੱਟੀ ਉੱਪਰ ਖਰੀਆਂ ਉੱਤਰਨ ਦੇ ਨਾਲ-ਨਾਲ ਲੋਕਾਂ ਵਿਚ ਵਧੇਰੇ ਮਕਬੂਲ ਹੁੰਦੀਆਂ ਹਨ। ਕਾਬਿਲੇਗੌਰ ਹੈ ਕਿ "ਵਾਹ ਜ਼ਿੰਦਗੀ!" ਕਿਤਾਬ ਉਦਾਹਰਣਾਂ, ਨਿੱਜੀ ਤਜ਼ਰਬਿਆਂ ਅਤੇ ਛੋਟੀਆਂ-ਛੋਟੀਆਂ ਕਹਾਣੀਆਂ ਨਾਲ ਗੱਲ ਨੂੰ ਅੱਗੇ ਤੋਰਦੀ ਹੈ ਜਿਸ ਨਾਲ ਪਾਠਕ ਖੁਦ ਨੂੰ ਕਿਤਾਬ ਨਾਲ ਜੁੜਿਆ ਮਹਿਸੂਸ ਕਰਦੇ ਹਨ। ਕਿਤਾਬ 50 ਲੇਖਾਂ ਦਾ ਸੰਗ੍ਰਹਿ ਹੈ ਜਿਸ ਵਿਚ ਜੀਵਨ ਦੀਆਂ ਛੋਟੀਆਂ, ਸਧਾਰਣ ਤੇ ਆਮ ਗੱਲਾਂ, ਘਟਨਾਵਾਂ, ਸਮ੍ਰਿਤੀਆਂ ਅਤੇ ਯਾਦਾਂ ਨੂੰ ਰੌਚਕ ਲੇਖਣ ਸ਼ੈਲੀ ਨਾਲ ਪੇਸ਼ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਖੰਨਾ ਨਿਵਾਸੀ ਨਰਿੰਦਰ ਪਾਲ ਸਿੰਘ ਜਗਦਿਓ ਪੰਜਾਬ ਸਰਕਾਰ ਵਿਚ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਦੇ ਤੌਰ ਉੱਤੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਤੈਨਾਤ ਹਨ। ਇਸ ਕਿਤਾਬ ਨੂੰ ਮੋਹਾਲੀ ਦੇ ਯੂਨੀਸਟਾਰ ਬੁੱਕਸ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਕੈਨੇਡਾ-ਅਮਰੀਕਾ ਵਿੱਚ ਇਹ ਕਿਤਾਬ ਐਮਾਜ਼ੋਨ ਉੱਤੇ ਉਪਲੱਬਧ ਹੈ।
ਇਸ ਮੌਕੇ ਜਸਬੀਰ ਗੁਣਾਚੌਰੀਆ ਨੇ ਵੀ ਆਪਣੀ ਕਿਤਾਬ ‘ਸ਼ਬਦਾਂ ਦਾ ਵਣਜਾਰਾ’ ਨਰਿੰਦਰ ਪਾਲ ਸਿੰਘ ਜਗਦਿਓ, ਨਵਦੀਪ ਗਿੱਲ (ਨਾਮੀਂ ਖੇਡ ਲੇਖਕ) ਅਤੇ ਇਕਬਾਲ ਸਿੰਘ ਬਰਾੜ (ਪੰਜਾਬ ਦੇ ਮੁੱਖ ਮੰਤਰੀ ਦੇ ਲੋਕ ਸੰਪਰਕ ਅਧਿਕਾਰੀ) ਨੂੰ ਭੇਂਟ ਕੀਤੀ। ਇਸ ਕਿਤਾਬ ਵਿੱਚ ਵੱਖ-ਵੱਖ ਗਾਇਕਾਂ, ਗੀਤਕਾਰਾਂ, ਸਾਹਿਤਕਾਰਾਂ, ਸੰਗੀਤਕਾਰਾਂ ਅਤੇ ਹੋਰ ਨਾਮੀਂ ਹਸਤੀਆਂ ਨੇ ਗੁਣਾਚੌਰੀਆ ਬਾਰੇ ਨਿੱਜੀ ਵਿਚਾਰ ਤੇ ਉਨ੍ਹਾਂ ਦੀ ਸਖਸ਼ੀਅਤਾਂ ਬਾਰੇ ਲੇਖ/ਫੀਚਰ ਲਿਖੇ ਹੋਏ ਹਨ। ਇਸ ਕਿਤਾਬ ਵਿੱਚ ਨਰਿੰਦਰ ਪਾਲ ਸਿੰਘ ਜਗਦਿਓ ਨੇ ਵੀ ‘ਪੰਜਾਬੀ ਗੀਤਕਾਰੀ ਦੀ ਜਿੰਦ-ਜਾਨ’ ਸਿਰਲੇਖ ਹੇਠ ਇੱਕ ਲੇਖ ਲਿਖਿਆ ਹੋਇਆ ਹੈ, ਜੋ ਕਿ ਗੁਣਾਚੌਰੀਆ ਦੀ ਸਖਸ਼ੀਅਤ ਦੇ ਵੱਖ-ਵੱਖ ਪਹਿਲੂਆਂ ਅਤੇ ਦੋਵਾਂ ਦੀ 2011 ਤੋਂ ਸਾਂਝ ਨੂੰ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ ਗੁਣਾਚੌਰੀਆ ਨੇ ਕਿਤੇ ਕੱਲੀ ਬਹਿ ਕੇ ਸੋਚੀਂ ਨੀ, ਜਿੰਦੇ ਨੀ ਜਿੰਦੇ, ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਅਤੇ ਇੱਕ ਖ਼ਤ ਸੱਜਣਾ ਸਾਡੇ ਨਾਂ ਲਿਖ ਦੇ ਸਮੇਤ ਅਨੇਕਾਂ ਪੰਜਾਬੀ ਹਿੱਟ ਗੀਤ ਲਿਖੇ ਹਨ।
Get all latest content delivered to your email a few times a month.