ਤਾਜਾ ਖਬਰਾਂ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਮੰਗਲਵਾਰ ਨੂੰ ਇਕ ਯਾਤਰੀ ਟਰੇਨ ਨੂੰ ਹਾਈਜੈਕ ਕਰ ਲਿਆ ਗਿਆ, ਜਿਸ 'ਚ ਕਰੀਬ 500 ਲੋਕ ਸਵਾਰ ਸਨ। ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੰਗਠਨ ਨੇ 214 ਯਾਤਰੀਆਂ ਨੂੰ ਬੰਧਕ ਬਣਾਉਣ ਅਤੇ 30 ਪਾਕਿਸਤਾਨੀ ਫੌਜ ਦੇ ਜਵਾਨਾਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਸਮੂਹ ਨੇ ਧਮਕੀ ਦਿੱਤੀ ਹੈ ਕਿ ਜੇਕਰ ਸੁਰੱਖਿਆ ਬਲ ਪਿੱਛੇ ਨਹੀਂ ਹਟਦੇ ਤਾਂ ਸਾਰੇ ਬੰਧਕਾਂ ਨੂੰ ਮਾਰ ਦਿੱਤਾ ਜਾਵੇਗਾ। ਮੰਗਲਵਾਰ ਦੇਰ ਰਾਤ ਤੱਕ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਕਰੀਬ 80 ਯਾਤਰੀਆਂ ਨੂੰ ਟਰੇਨ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ।
ਅੱਤਵਾਦੀ ਸਮੂਹ ਨੇ ਆਪਣੀਆਂ ਮੰਗਾਂ 'ਚ ਕਿਹਾ ਹੈ ਕਿ ਬਲੋਚ ਸਿਆਸੀ ਕੈਦੀਆਂ ਅਤੇ ਰਾਸ਼ਟਰੀ ਵਿਰੋਧ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਬਦਲੇ ਉਹ ਬੰਧਕਾਂ ਨੂੰ ਰਿਹਾਅ ਕਰਨ ਲਈ ਤਿਆਰ ਹਨ ਅਤੇ ਇਸ ਦੇ ਲਈ ਉਨ੍ਹਾਂ ਨੇ 48 ਘੰਟਿਆਂ ਦੀ ਸਮਾਂ ਸੀਮਾ ਤੈਅ ਕੀਤੀ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ 'ਚ 13 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।
ਜਫਰ ਐਕਸਪ੍ਰੈਸ ਕਵੇਟਾ ਤੋਂ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਬਾਅਦ ਹਮਲੇ ਦਾ ਸ਼ਿਕਾਰ ਹੋ ਗਈ। ਟਰੇਨ ਨੂੰ ਸੁਰੰਗ ਨੰਬਰ 8 ਨੇੜੇ ਅੱਤਵਾਦੀਆਂ ਨੇ ਘੇਰ ਲਿਆ ਸੀ ਅਤੇ ਇਸ ਤੋਂ ਬਾਅਦ ਟਰੇਨ ਦੇ ਯਾਤਰੀਆਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਅੱਤਵਾਦੀਆਂ ਨੇ ਰੇਲਗੱਡੀ ਨੂੰ ਕਿਸੇ ਦੂਰ-ਦੁਰਾਡੇ ਸਥਾਨ 'ਤੇ ਪਟੜੀ ਤੋਂ ਉਤਾਰਨ ਤੋਂ ਬਾਅਦ ਉਸ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ ਬਲੋਚ ਅਧਿਕਾਰੀਆਂ ਜਾਂ ਰੇਲਵੇ ਨੇ ਅਜੇ ਤੱਕ ਕਿਸੇ ਜਾਨੀ ਨੁਕਸਾਨ ਜਾਂ ਬੰਧਕਾਂ ਦੀ ਸਥਿਤੀ ਦੀ ਪੁਸ਼ਟੀ ਨਹੀਂ ਕੀਤੀ ਹੈ।
Get all latest content delivered to your email a few times a month.