ਤਾਜਾ ਖਬਰਾਂ
ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਰਾਸ਼ਟਰੀ ਰਾਜਧਾਨੀ ’ਚ ਹਵਾ ਦਾ ਪ੍ਰਦੂਸ਼ਣ ਘੱਟ ਜਾਂ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਆਲਮ ਇਹ ਹੈ ਕਿ ਹਵਾ ਗੁਣਵੱਤਾ ਨੂੰ ਲੈ ਕੇ ਜਾਰੀ ਇਕ ਤਾਜ਼ਾ ਰਿਪੋਰਟ ’ਚ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ 20 ਸ਼ਹਿਰਾਂ ’ਚੋਂ 13 ਭਾਰਤ ਦੇ ਹਨ। ਵਿਸ਼ਵ ਪੱਧਰੀ ਸੂਚੀ ’ਚ ਮੇਘਾਲਿਆ ਦਾ ਬਿਰਨੀਹਾਟ ਨੰਬਰ ਇਕ ’ਤੇ ਹੈ, ਤਾਂ ਦਿੱਲੀ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਹੈ।
ਸਵਿਟਜ਼ਰਲੈਂਡ ਦੀ ਹਵਾ ਗੁਣਵੱਤਾ ਤਕਨੀਕੀ ਕੰਪਨੀ ਆਈਕਿਊਏਅਰ ਵੱਲੋਂ ਜਾਰੀ ਵਿਸ਼ਵ ਦੀ ਹਵਾ ਗੁਣਵੱਤਾ ਰਿਪੋਰਟ 2024 ਮੁਤਾਬਕ ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ ਭਾਰਤ ਦੇ 13 ਤੋਂ ਇਲਾਵਾ ਪਾਕਿਸਤਾਨ ਦੇ ਚਾਰ ਤੇ ਚੀਨ ਦਾ ਇਕ ਸ਼ਹਿਰ ਸ਼ਾਮਲ ਹੈ। ਚੋਟੀ ਦੇ 20 ਪ੍ਰਦੂਸ਼ਿਤ ਸ਼ਹਿਰਾਂ ’ਚ ਭਾਰਤ ਦੇ ਬਿਰਨੀਹਾਟ, ਦਿੱਲੀ, ਮੁੱਲਾਂਪੁਰ (ਪੰਜਾਬ), ਫ਼ਰੀਦਾਬਾਦ, ਲੋਨੀ, ਗੁਰੂਗ੍ਰਾਮ, ਗੰਗਾਨਗਰ, ਗ੍ਰੇਟਰ ਨੋਇਡਾ, ਭਿਵਾੜੀ, ਮੁੱਜਫ਼ਰਨਗਰ, ਹਨੂਮਾਨਗੜ੍ਹ ਤੇ ਨੋਇਡਾ ਸ਼ਾਮਲ ਹਨ। ਮੇਘਾਲਿਆ-ਅਸਾਮ ਸਰਹੱਦ ’ਤੇ ਮੌਜੂਦਾ ਛੋਟੇ ਜਿਹੇ ਕਸਬੇ ਬਿਰਨੀਹਾਟ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਹੋਣ ਦਾ ਕਾਰਨ ਡਿਸਟੀਲਰੀਜ਼ ਸਮੇਤ ਸਥਾਨਕ ਫੈਕਟਰੀਆਂ ਤੇ ਲੋਹਾ ਤੇ ਸਟੀਲ ਦੇ ਪਲਾਂਟਾਂ ਦੀ ਮੌਜੂਦਗੀ ਹੈ।
ਇਨ੍ਹਾਂ ਸਭ ਦੇ ਵਿਚਾਲੇ ਸਭ ਤੋਂ ਰਾਹਤ ਦੀ ਗੱਲ ਇਹ ਹੈ ਕਿ 2023 ਦੀ ਤੁਲਨਾ ’ਚ ਭਾਰਤ ’ਚ ਪ੍ਰਦੂਸ਼ਣ ਕਥਿਤ ਰੂਪ ਨਾਲ ਘੱਟ ਹੋਇਆ ਹੈ, ਜਿਸ ਕਾਰਨ 2023 ’ਚ ਦੁਨੀਆ ਦੇ ਤੀਜੇ ਸਭ ਤੋਂ ਪ੍ਰਦੂਸ਼ਿਤ ਦੇਸ਼ ਤੋਂ 2024 ’ਚ ਇਹ ਪੰਜਵੇਂ ਸਥਾਨ ’ਤੇ ਆ ਗਿਆ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ 2024 ’ਚ ਭਾਰਤ ’ਚ ਮੁੱਖ ਹਵਾ ਪ੍ਰਦੂਸ਼ਕ ਪੀਐੱਮ 2.5 ’ਚ ਸੱਤ ਫ਼ੀਸਦੀ ਦੀ ਕਮੀ ਦੇਖਣ ਨੂੰ ਮਿਲੀ ਤੇ ਇਹ 2023 ਦੇ 54.4 ਮਾਈਕ੍ਰੋਗ੍ਰਾਮ ਪ੍ਰਤੀ ਘਨ ਮੀਟਰ ਦੀ ਤੁਲਨਾ ’ਚ 50.6 ਮਾਈਕ੍ਰੋਗ੍ਰਾਮ ਪ੍ਰਤੀ ਘਨ ਮੀਟਰ ਹੋ ਗਿਆ। ਉਥੇ, ਦਿੱਲੀ ’ਚ ਇਸ ਦੌਰਾਨ ਹਵਾ ਦੀ ਗੁਣਵੱਤਾ ਵਿਗੜੀ ਤੇ 2023 ਦੇ 102.4 ਮਾਈਕ੍ਰੋਗ੍ਰਾਮ ਪ੍ਰਤੀ ਘਨ ਮੀਟਰ ਦੀ ਤੁਲਨਾ ’ਚ ਪੀਐੱਮ 2.5 ਦਾ ਪੱਧਰ 2024 ’ਚ ਵਧ ਕੇ 108.3 ਪੁੱਜ ਗਿਆ। ਕੁੱਲ ਮਿਲਾ ਕੇ ਭਾਰਤ ਦੇ 35 ਫ਼ੀਸਦੀ ਸ਼ਹਿਰਾਂ ’ਚ ਪੀਐੱਮ 2.5 ਦਾ ਸਾਲਾਨਾ ਪੱਧਰ ਵਿਸ਼ਵ ਸਿਹਤ ਸੰਗਠਨ ਦੀ ਹੱਦ 5 ਮਾਈਕ੍ਰੋਗ੍ਰਾਮ ਪ੍ਰਤੀ ਘਨ ਮੀਟਰ ਦੀ ਤੁਲਨਾ ਤੋਂ 10 ਗੁਣਾ ਜ਼ਿਆਦਾ ਨੂੰ ਪਾਰ ਕਰ ਗਿਆ।
ਦਿੱਲੀ ’ਚ ਹਵਾ ਗੁਣਵੱਤਾ ਦਾ ਖ਼ਰਾਬ ਪੱਧਰ ਸਾਲ ਭਰ ਰਹਿੰਦਾ ਹੈ ਤੇ ਸਰਦੀਆਂ ’ਚ ਇਹ ਸਮੱਸਿਆ ਹੋਰ ਵੱਡੀ ਹੋ ਜਾਂਦੀ ਹੈ। ਇਸ ਦਾ ਕਾਰਨ ਮੌਸਮ ਦੇ ਉਲਟ ਹਾਲਾਤ ਦੇ ਨਾਲ ਵਾਹਨਾਂ ਦੀ ਨਿਕਾਸੀ, ਖੇਤਾਂ ’ਚ ਸੜਦੀ ਪਰਾਲੀ, ਪਟਾਕੇ ਤੇ ਹੋਰ ਸਥਾਨਕ ਸ੍ਰੋਤ ਹਨ।
Get all latest content delivered to your email a few times a month.