ਤਾਜਾ ਖਬਰਾਂ
ਡਿਜੀਟਲਾਈਜੇਸ਼ਨ ਦੇ ਖੇਤਰ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਮਨ ਅਰੋੜਾ, ਬਿਜਲੀ ਮੰਤਰੀ ਹਰਭਜਨ ਸਿੰਘ, ਸੰਸਦੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਅਤੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਮੌਜੂਦਗੀ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਬਹਿਸ ਤੱਕ ਪਹੁੰਚ ਲਈ ਸਰਚਏਬਲ ਇੰਜਣ ਲਾਂਚ ਕੀਤਾ ਹੈ।
ਸਪੀਕਰ ਸੰਧਵਾਂ ਨੇ ਕਿਹਾ ਕਿ ਇਸ ਸਰਚੇਬਲ ਇੰਜਣ ਰਾਹੀਂ ਹੁਣ 1947 ਤੋਂ ਲੈ ਕੇ ਹੁਣ ਤੱਕ ਦੀਆਂ ਪੰਜਾਬ ਵਿਧਾਨ ਸਭਾ ਦੀਆਂ ਡਿਬੇਟਸ/ਕਾਰਵਾਈਆਂ ਵਿੱਚੋਂ ਕਿਸੇ ਵੀ ਵਿਸ਼ੇ ਨੂੰ ਖੋਜਣਾ ਅਤੇ ਕਿਸੇ ਵੀ ਤੱਥ ਨੂੰ ਲੱਭਣਾ ਆਸਾਨ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਇਹ ਸਰਚੇਬਲ ਇੰਜਣ ਪੰਜਾਬੀ ਯੂਨੀਵਰਸਿਟੀ ਪਟਿਆਲਾ, ਆਈਆਈਆਈਟੀ ਹੈਦਰਾਬਾਦ ਅਤੇ ਸੀਡੈਕ ਨੋਇਡਾ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।
ਇਸ ਪ੍ਰੋਜੈਕਟ ਨੂੰ ਨੇਪਰੇ ਚੜ੍ਹਾਉਣ ਲਈ ਡਾ. ਗੁਰਪ੍ਰੀਤ ਲਹਿਲ, ਪ੍ਰੋਫੈਸਰ ਅਤੇ ਕੰਸਲਟੈਂਟ, ਆਈਆਈਆਈਟੀ ਹੈਦਰਾਬਾਦ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਇਨ੍ਹਾਂ ਪ੍ਰਾਜੈਕਟਾਂ ਦੇ ਲਾਂਚ ਹੋਣ ਨਾਲ ਪੰਜਾਬ ਵਿਧਾਨ ਸਭਾ ਦੇਸ਼ ਦੀਆਂ ਬਾਕੀ ਵਿਧਾਨ ਸਭਾਵਾਂ ਵਿੱਚੋਂ ਪਹਿਲੀ ਵਿਧਾਨ ਸਭਾ ਬਣ ਗਈ ਹੈ ਜਿਸ ਨੇ ਐਮਐਲਏਜ਼ ਦੀ ਸਹੂਲਤ ਲਈ ਕੰਪਲੀਟ ਸਲੂਸ਼ਨ ਤਿਆਰ ਕੀਤਾ ਹੈ ਅਤੇ ਇਸ ਵਾਸਤੇ ਬਕਾਇਦਾ ਐਮਐਲਏਜ਼ ਤੇ ਵੱਖ ਵੱਖ ਵਿਭਾਗਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਵੇਗੀ।
Get all latest content delivered to your email a few times a month.