ਤਾਜਾ ਖਬਰਾਂ
ਭਾਜਪਾ ਨਾਲ ਨੇੜਤਾ ਰੱਖਣ ਵਾਲੇ ਆਗੂਆਂ ਨੂੰ ਪਾਰਟੀ ਤੋਂ ਦਰਕਿਨਾਰ ਕਰਨ, ਨਵੇਂ ਚਿਹਰੇ ਲਿਆਉਣ ਦੀ ਮੰਗ
ਮੋਹਾਲੀ : ਮੋਹਾਲੀ ਦੇ ਸੀਨੀਅਰ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਮੋਹਾਲੀ ਦੇ ਫੇਜ਼ 11 ਵਿੱਚ ਹੋਈ ਜਿਸ ਵਿੱਚ ਮੋਹਾਲੀ ਸ਼ਹਿਰ ਨੂੰ ਦਰਪੇਸ਼ ਸਮੱਸਿਆਵਾਂ, ਕਾਂਗਰਸ ਪਾਰਟੀ ਦੀ ਮੋਹਾਲੀ ਦੇ ਵਿਕਾਸ ਲਈ ਵਿਉਂਤਬੰਦੀ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਰਹੇ। ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ (ਸਾਬਕਾ ਜ਼ਿਲ੍ਹਾ ਪ੍ਰਧਾਨ ਮੋਹਾਲੀ ਕਾਂਗਰਸ) ਸਿਹਤ ਠੀਕ ਨਾ ਹੋਣ ਕਾਰਨ ਮੀਟਿੰਗ ਵਿੱਚ ਹਾਜ਼ਰ ਨਾ ਹੋ ਸਕੇ ਪਰ ਉਹਨਾਂ ਵੱਲੋਂ ਆਪਣਾ ਸੰਦੇਸ਼ ਮੀਟਿੰਗ ਵਿੱਚ ਭੇਜਿਆ ਗਿਆ।
ਇਸ ਮੌਕੇ ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਹਾਜ਼ਰ ਸਾਰੇ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਕੀਤੇ ਗਏ ਵਿਕਾਸ ਕਾਰਜਾਂ ਦਾ ਸਿਹਰਾ ਖੱਟਣ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਹਰ ਪੱਖੋਂ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਅੱਜ ਹਰ ਵਰਗ ਦੇ ਲੋਕ ਇਸ ਸਰਕਾਰ ਦੇ ਖਿਲਾਫ ਸੜਕਾਂ ਉੱਤੇ ਸੰਘਰਸ਼ ਕਰ ਰਹੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਮਸਲਿਆਂ ਦਾ ਹੱਲ ਕਰਨ ਦੀ ਥਾਂ ਤੇ ਲੋਕਾਂ ਨੂੰ ਧਮਕਾ ਰਹੇ ਹਨ। ਉਹਨਾਂ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਵੇਗੀ ਅਤੇ ਆਮ ਆਦਮੀ ਪਾਰਟੀ ਦਾ ਬੋਰੀਆ ਬਿਸਤਰਾ ਪੱਕੇ ਤੌਰ ਤੇ ਪੰਜਾਬ ਵਿੱਚੋਂ ਗੋਲ ਕਰ ਦਿੱਤਾ ਜਾਵੇਗਾ।
ਇਸ ਮੌਕੇ ਬੋਲਦਿਆਂ ਐਨ ਐਸ ਯੂ ਆਈ ਦੇ ਪੰਜਾਬ ਪ੍ਰਧਾਨ ਈਸ਼ਰ ਪ੍ਰੀਤ ਸਿੱਧੂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਭਾਰਤੀ ਜਨਤਾ ਪਾਰਟੀ ਨਾਲ ਨੇੜਤਾ ਵਧਾਉਣ ਵਾਲੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਦਰਕਿਨਾਰ ਕੀਤਾ ਜਾਣਾ ਬਹੁਤ ਜਰੂਰੀ ਹੈ ਕਿਉਂਕਿ ਅਜਿਹੇ ਆਗੂ ਕਾਂਗਰਸ ਪਾਰਟੀ ਲਈ ਬਹੁਤ ਵੱਡਾ ਖਤਰਾ ਹਨ ਅਤੇ ਕਦੇ ਵੀ ਮੁੜ ਪਾਲਾ ਬਦਲ ਸਕਦੇ ਹਨ।
ਮੋਹਾਲੀ ਦੇ ਕੌਂਸਲਰ ਨਰਪਿੰਦਰ ਸਿੰਘ ਰੰਗੀ (ਸੀ. ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ) ਨੇ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਨੇੜਤਾ ਰੱਖਣ ਵਾਲੇ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਅਤੇ ਨਵੇਂ ਚਿਹਰੇ ਲਿਆਉਣ ਦੀ ਜੋ ਗੱਲ ਆਖੀ ਹੈ ਉਹ ਸੁਆਗਤ ਯੋਗ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਇਹ ਸਭ ਤੋਂ ਜਰੂਰੀ ਕੰਮ ਹੈ।
ਸੀਨੀਅਰ ਕਾਂਗਰਸੀ ਆਗੂ ਜੀਐਸ ਰਿਆੜ ਨੇ ਕਿਹਾ ਕਿ ਸਮੁੱਚੇ ਮੋਹਾਲੀ ਹਲਕੇ ਦੇ ਕਾਂਗਰਸੀ ਆਗੂਆਂ ਨੂੰ ਇਕੱਠੇ ਹੋ ਕੇ ਹਾਈ ਕਮਾਨ ਨਾਲ ਤਾਲਮੇਲ ਕਰਨ ਅਤੇ ਆਪਣੀ ਗੱਲ ਹਾਈ ਕਮਾਨ ਅੱਗੇ ਰੱਖਣ ਦੀ ਲੋੜ ਹੈ ਤਾਂ ਜੋ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਹੋਰ ਮਜ਼ਬੂਤ ਹੋ ਸਕੇ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੰਗ ਬਹਾਦਰ, ਸੁਸ਼ੀਲ ਕੁਮਾਰ ਅਤਰੀ, ਅਜੈਬ ਸਿੰਘ ਬਾਕਰਪੁਰ, ਪ੍ਰਮੋਦ ਮਿੱਤਰਾ ਕੌਂਸਲਰ, ਬਲਬੀਰ ਸਿੰਘ ਸੋਹਲ, ਰਾਜਾ ਕੰਵਰਜੋਤ ਸਿੰਘ ਮੋਹਾਲੀ, ਸੁਰਿੰਦਰ ਸਿੰਘ ਲੱਕੀ ਗੁਲਾਟੀ ਪ੍ਰਧਾਨ ਖੱਤਰੀ ਅਰੋੜਾ ਵੈਲਫੇਅਰ ਸੋਸਾਇਟੀ ਮੋਹਾਲੀ, ਮਾਸਟਰ ਲਾਭ ਸਿੰਘ ਮਿੱਢੇ ਮਾਜਰਾ, ਗੁਰਮੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਕਲੇਰ ਕੌਂਸਲਰ, ਏਸੀ ਕੌਸ਼ਿਕ ਜੀਪੀਐਸ ਬਾਗੜੀ, ਗੁਰਦੇਵ ਸਿੰਘ ਚੌਹਾਨ ਗੁਰਮੀਤ ਸਿੰਘ, ਪੁਸ਼ਪਿੰਦਰ ਸ਼ਰਮਾ, ਸੀਤਲ ਸਿੰਘ, ਐਚ ਐਸ ਕੰਵਰ, ਕੇ ਜੀ ਜੋਹਰ, ਗੁਰਜੀਤ ਸਿੰਘ ਸ਼ਾਹ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ ਭੱਟੀ, ਤਲੋਚਨ ਸਿੰਘ, ਭਗਵੰਤ ਸਿੰਘ ਬੇਦੀ, ਹਰਪ੍ਰੀਤ ਸਿੰਘ ਸੋਹਾਣਾ, ਦਪਿੰਦਰ ਸਿੱਧੂ ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ।
Get all latest content delivered to your email a few times a month.