ਤਾਜਾ ਖਬਰਾਂ
ਚੰਡੀਗੜ੍ਹ/ ਬਰਨਾਲਾ, 10 ਮਾਰਚ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਅਧੀਨ ਨਗਰ ਸੁਧਾਰ ਟਰੱਸਟ ਬਰਨਾਲਾ ਨੇ ਬਰਨਾਲਾ ਪੁਲਿਸ ਦੇ ਸਹਿਯੋਗ ਨਾਲ ਅੱਜ ਬੱਸ ਸਟੈਂਡ ਦੇ ਪਿੱਛੇ ਸਥਿਤ ਇੱਕ ਨਾਜਾਇਜ਼ ਤੌਰ 'ਤੇ ਉਸਾਰੇ ਗਏ ਢਾਂਚੇ ਨੂੰ ਢਾਹਿਆ ਹੈ।
ਇਹ ਮਕਾਨ ਮਾਂ-ਧੀ ਜਿਨ੍ਹਾਂ ਦੀ ਪਛਾਣ ਕਾਲੀ ਕੌਰ ਅਤੇ ਉਸ ਦੀ ਧੀ ਸਰਬੋ ਵਜੋਂ ਹੋਈ ਹੈ ਵਲੋਂ ਨਾਜਾਇਜ਼ ਤੌਰ 'ਤੇ ਉਸਾਰਿਆ ਗਿਆ ਸੀ, ਜਿਨ੍ਹਾਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹਨ।
ਸੀਨੀਅਰ ਪੁਲਿਸ ਕਪਤਾਨ (ਐੱਸ ਐੱਸ ਪੀ) ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਸਰਕਾਰੀ ਰਿਕਾਰਡ ਅਨੁਸਾਰ ਕਾਲੀ ਕੌਰ ਵਿਰੁੱਧ 9 ਅਪਰਾਧਿਕ ਕੇਸ ਦਰਜ ਹਨ, ਜਿਨ੍ਹਾਂ ਵਿੱਚ 7 ਐਨਡੀਪੀਐਸ ਐਕਟ ਅਧੀਨ ਹਨ, ਜਦੋਂ ਕਿ ਉਸਦੀ ਧੀ ਸਰਬੋ ਵਿਰੁੱਧ 7 ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ 6 ਐਨਡੀਪੀਐਸ ਐਕਟ ਅਧੀਨ ਦਰਜ ਹਨ।
ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਇਹ ਨਾਜਾਇਜ਼ ਕਬਜ਼ਾ ਹਟਾਉਣ ਲਈ ਪੁਲਿਸ ਮਦਦ ਮੰਗੀ ਗਈ ਸੀ।
ਐੱਸ ਐੱਸ ਪੀ ਬਰਨਾਲਾ ਨੇ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਯਕੀਨੀ ਬਣਾਉਂਦੇ ਹੋਏ ਇਹ ਕਾਰਵਾਈ ਕੀਤੀ ਗਈ।
ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਖ਼ਤ ਐਕਸ਼ਨ ਲੈਂਦੇ ਹੋਏ ਜਿੱਥੇ ਢੁਕਵੀਂ ਕਰਵਾਈ ਕੀਤੀ ਜਾ ਰਹੀ ਹੈ, ਓਥੇ ਨਸ਼ਿਆਂ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ।
Get all latest content delivered to your email a few times a month.