ਤਾਜਾ ਖਬਰਾਂ
ਲੁਧਿਆਣਾ, 1 ਮਾਰਚ - ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਦੇ 'ਯੁੱਧ ਨਸ਼ਾ ਵਿਰੁੱਧ' ਪ੍ਰੋਗਰਾਮ ਤਹਿਤ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਸੀ.ਏ.ਐਸ.ਓ) ਦਾ ਆਗਾਜ ਕਰਦਿਆਂ, ਕਮਿਸ਼ਨਰੇਟ ਪੁਲਿਸ ਨੇ ਅੱਜ ਨਸ਼ਿਆਂ ਦੇ ਹੌਟਸਪੌਟਸ 'ਤੇ ਛਾਪੇਮਾਰੀ ਕਰਕੇ 18 ਐਫ.ਆਈ.ਆਰ. ਦਰਜ ਕਰਨ ਤੋਂ ਇਲਾਵਾ 34 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ।
ਪੁਲਿਸ ਨੇ ਇਨ੍ਹਾਂ ਕੋਲੋਂ 804 ਗ੍ਰਾਮ ਹੈਰੋਇਨ, 1850 ਨਸ਼ੀਲੀਆਂ ਗੋਲੀਆਂ, 50 ਟੀਕੇ, 21 ਗ੍ਰਾਮ ਨਸ਼ੀਲਾ ਪਾਊਡਰ, 700 ਗ੍ਰਾਮ ਚਰਸ ਅਤੇ ਇੱਕ ਕਾਰ (ਪੀ.ਬੀ-01-ਈ-0886) ਬਰਾਮਦ ਕੀਤੀ ਹੈ।
ਇਸ ਅਪਰੇਸ਼ਨ ਦੀ ਏ.ਡੀ.ਸੀ.ਪੀਜ਼, ਏ.ਸੀ.ਪੀਜ਼, ਐਸ.ਐਚ.ਓਜ਼ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਸਾਵਧਾਨੀ ਅਤੇ ਯੋਜਨਵੱਧ ਢੰਗ ਨਾਲ ਨਿਗਰਾਨੀ ਕਰਦਿਆਂ ਡਰੱਗ ਹੌਟਸਪੌਟ ਸਥਾਨਾਂ ਦੀ ਭਾਰੀ ਫੋਰਸ ਨਾਲ ਚੈਕਿੰਗ ਕੀਤੀ ਗਈ. ਪੁਲਿਸ ਟੀਮਾਂ ਵੱਲੋਂ ਇਲਾਕੇ ਨੂੰ ਸੀਲ ਕਰਕੇ ਘਰ-ਘਰ ਤਲਾਸ਼ੀ ਲਈ ਗਈ। ਇਸ ਕਾਰਵਾਈ ਦਾ ਉਦੇਸ਼ ਨਸ਼ਾ ਤਸਕਰਾਂ ਅਤੇ ਅਪਰਾਧੀਆਂ 'ਤੇ ਨਕੇਲ ਕੱਸਣਾ ਹੈ।
ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਅੱਗੇ ਹੋ ਕੇ ਸੀ.ਏ.ਐਸ.ਓ ਦੀ ਅਗਵਾਈ ਕੀਤੀ ਅਤੇ ਦੱਸਿਆ ਕਿ ਪੁਲਿਸ ਨੇ ਨਸ਼ਿਆਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਅਜਿਹੇ ਤਿੱਖੇ ਨਸ਼ਾ ਵਿਰੋਧੀ ਅਭਿਆਨ ਜਾਰੀ ਰੱਖਣ ਦਾ ਪ੍ਰਣ ਲਿਆ ਹੈ।
ਪੁਲਿਸ ਕਮਿਸ਼ਨਰ ਨੇ ਨਸ਼ਾ ਤਸਕਰੀ ਦੇ ਖਾਤਮੇ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਅਜਿਹਾ ਅਭਿਆਨ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ 'ਜ਼ੀਰੋ ਟੋਲਰੈਂਸ ਪਾਲਿਸੀ' ਅਪਣਾਈ ਗਈ ਹੈ, ਜਿਸਦੇ ਤਹਿਤ ਉਨ੍ਹਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਨਸ਼ਿਆਂ ਦਾ ਕਾਰੋਬਾਰ ਛੱਡ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਆਉਣ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਬਾਰੇ ਪੁਲਿਸ ਨੂੰ ਜਾਣਕਾਰੀ ਦੇਣ ਜਾਂ ਵਿਭਾਗ ਦੀ ਗੁਪਤ ਟਿਪਲਾਈਨ 'ਤੇ ਸੰਪਰਕ ਕਰਨ ਲਈ ਵੀ ਪ੍ਰੇਰਿਤ ਕੀਤਾ।
Get all latest content delivered to your email a few times a month.