ਤਾਜਾ ਖਬਰਾਂ
ਲੁਧਿਆਣਾਃ 11 ਫਰਵਰੀ “ਮੇਲਾ ਗੀਤਕਾਰਾਂ ਦਾ”22 ਫ਼ਰਵਰੀ 2025 ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖ਼ੇ ਸਵੇਰ ਦੇ 11 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ! ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਅਤੇ ਪੰਜਾਬੀ ਗੀਤਕਾਰ ਮੰਚ (ਰਜਿ:) ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਹਿਯੋਗ ਅਤੇ ਸਮੂਹ ਗੀਤਕਾਰਾਂ ਵੱਲੋਂ ਕੀਤੇ ਸਾਂਝੇ ਉਪਰਾਲੇ ਸਦਕਾ ਇਸ ਮੇਲੇ ਵਿੱਚ ਪੰਜਾਬ ਦੇ ਲੱਗਭਗ 1000 ਤੋਂ ਉੱਪਰ ਗੀਤਕਾਰਾਂ ਦੇ ਪੁੱਜਣ ਦੀ ਸੰਭਾਵਨਾ ਹੈ ! ਗੀਤਕਾਰਾਂ ਦੇ ਇਸ ਮੇਲੇ ਵਿੱਚ ਪੰਜਾਬ ਦੇ ਨਾਮੀ ਗੀਤਕਾਰਾਂ ਤੋਂ ਇਲਾਵਾ ਨਵੇਂ ਗੀਤਕਾਰ ਅਤੇ ਓਹ ਗੀਤਕਾਰ ਜਿਹਨਾਂ ਦੇ ਗੀਤ ਤਾਂ ਵੱਡੇ ਵੱਡੇ ਕਲਾਕਾਰਾਂ ਦੀ ਆਵਾਜ਼ ਵਿੱਚ ਸੁਣੇ ਹਨ ਪਰ ਅਸੀਂ ਕਦੇ ਓਹਨਾਂ ਨੂੰ ਦੇਖਿਆ ਨਹੀਂ ਓਹ ਸਾਰੇ ਗੀਤਕਾਰ ਵੀ ਆਪਣੀ ਹਾਜ਼ਰੀ ਭਰਨਗੇ!
ਮੇਲੇ ਬਾਰੇ ਜਾਣਕਾਰੀ ਦੇਂਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਨੇ ਦੱਸਿਆ ਕਿ ਮੇਲੇ ਦਾ ਮੁੱਖ ਮਕਸਦ ਸਾਡੇ ਗੀਤਕਾਰ ਵੀਰਾਂ ਨੂੰ ਇੰਡੀਅਨ ਪ੍ਰਫਾਰਮਿੰਗ ਰਾਈਟ ਸੋਸਾਇਟੀ ਸੰਸਥਾ ਨਾਲ ਜੋੜਕੇ ਓਹਨਾਂ ਨੂੰ ਓਹਨਾਂ ਦੇ ਗੀਤਾਂ ਦੀ ਉਮਰ ਭਰ ਰਾਇਲਟੀ ਦੁਆਉਣਾ , ਗੀਤਾਂ ਦੀ ਚੋਰੀ ਨੂੰ ਰੋਕਣਾਂ , 60 ਸਾਲ ਤੋਂ ਉੱਪਰ ਬਜ਼ੁਰਗ ਤੇ ਬੀਮਾਰ ਗੀਤਕਾਰਾਂ ਨੂੰ ਸਰਕਾਰ ਤੋਂ ਪੈਨਸ਼ਨ ਅਤੇ ਮੁਫ਼ਤ ਇਲਾਜ਼ ਦਾ ਪ੍ਰਬੰਧ ਕਰਵਾਉਣਾ ਹੈ !
ਭੱਟੀ ਭੜੀ ਵਾਲਾ ਨੇ ਦੱਸਿਆ ਕਿ ਇਹ ਮੇਲਾ ਸਮੂਹ ਗੀਤਕਾਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ
ਮੇਲੇ ਦੀ ਪ੍ਰਬੰਧਕ ਟੀਮ ਵਿੱਚ ਸ਼੍ਰੀ ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ,ਸੇਵਾ ਸਿੰਘ ਨੌਰਥ, ਬਲਬੀਰ ਮਾਨ, ਭੱਟੀ ਭੜੀਵਾਲਾ,ਬਿੱਟੂ ਖੰਨੇ ਵਾਲਾ,ਬੂਟਾ ਭਾਈ ਰੂਪਾ, ਬੱਬੂ ਬਰਾੜ, ਨਿੱਮਾ ਲੁਹਾਰਕੇ, ਗੁਰਮਿੰਦਰ ਕੈਂਡੋਵਾਲ, ਅਜੀਤਪਾਲ ਜੀਤੀ ਅਤੇ ਭੰਗੂ ਫਲੇੜੇਵਾਲਾ ਦੇ ਨਾਮ ਜ਼ਿਕਾਰਯੋਗ ਹਨ ! ਮੇਲੇ ਦੇ ਸਰਪ੍ਰਸਤ ਸ.ਬਾਬੂ ਸਿੰਘ ਮਾਨ, ਸ਼੍ਰੀ ਗੁਰਭਜਨ ਸਿੰਘ ਗਿੱਲ, ਸ਼੍ਰੀ ਸ਼ਮਸ਼ੇਰ ਸਿੰਘ ਸੰਧੂ, ਸ਼੍ਰੀ ਜਰਨੈਲ ਘੁਮਾਣ ਅਤੇ ਸ. ਅਮਰੀਕ ਸਿੰਘ ਤਲਵੰਡੀ ਹਨ! ਮੇਲੇ ਦੇ ਮੁੱਖ ਪ੍ਰਬੰਧਕ ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਹਨ ਜਿਹਨਾਂ ਦੀ ਰਹਿਨੁਮਾਈ ਥੱਲੇ ਮੇਲੇ ਦੀ ਕੋਆਰਡੀਨੇਟਰ ਟੀਮ ਅਮਨ ਫੁੱਲਾਂਵਾਲ, ਗਿੱਲ ਦੁੱਗਰੀ,ਅਨੂਪ ਸਿੱਧੂ ਅਤੇ ਦਿਲਬਾਗ ਹੁੰਦਲ ਪੂਰੇ ਜ਼ੋਰ ਸ਼ੋਰ ਨਾਲ ਮੇਲੇ ਨੂੰ ਹਰ ਪੱਖੋਂ ਕਾਮਯਾਬ ਬਣਾਉਣ ਵਿੱਚ ਦਿਨ ਰਾਤ ਇੱਕ ਕਰ ਰਹੇ ਹਨ ! ਮੇਲੇ ਦੇ ਸਟੇਜ ਪ੍ਰਬੰਧਕਾਂ ਵਿੱਚ ਪ੍ਰੋ ਨਿਰਮਲ ਜੌੜਾ, ਬਿੱਟੂ ਖੰਨੇਵਾਲਾ, ਜਗਤਾਰ ਜੱਗੀ ਅਤੇ ਕਰਨੈਲ ਸਿਵੀਆਂ ਦੇ ਨਾਮ ਸ਼ਾਮਲ ਹਨ !
ਮੇਲੇ ਵਿੱਚ ਅਸ਼ੋਕ ਬਾਂਸਲ ਮਾਨਸਾ, ਸ਼ਮਸ਼ੇਰ ਸਿੰਘ ਸੰਧੂ, ਬਲਬੀਰ ਮਾਨ, ਜਰਨੈਲ ਘੁਮਾਣ ਅਤੇ ਗੁਰਭਜਨ ਸਿੰਘ ਗਿੱਲ ਪੰਜਾਬੀ ਗੀਤਕਾਰੀ ਵਿੱਚ ਆਏ ਨਿੱਘਾਰ ਅਤੇ ਅਜੋਕੀ ਗੀਤਕਾਰੀ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ! ਮੇਲੇ ਦੌਰਾਨ ਤਕਰੀਬਨ 2.30 ਵਜੇ ਤੋਂ ਪੰਜਾਬ ਦੇ ਸਿਰਕੱਢ ਗਾਇਕ ਗੀਤਕਾਰ ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਦੇਬੀ ਮਖਸੂਸਪੁਰੀ, ਸਰਬਜੀਤ ਚੀਮਾ, ਹਾਕਮ ਬਖ਼ਤੜੀ ਵਾਲਾ, ਆਤਮਾ ਬੁੱਢੇਵਾਲੀਆ, ਬਲਬੀਰ ਬੋਪਾਰਾਏ, ਹਰਿੰਦਰ ਸੰਧੂ, ਵੀਤ ਬਲਜੀਤ, ਹੈਪੀ ਰਾਏਕੋਟੀ, ਬਿੱਟੂ ਖੰਨੇਵਾਲਾ, ਫ਼ਤਹਿ ਸ਼ੇਰਗਿੱਲ, ਬਿੰਦਰ ਨੱਥੂਮਾਜਰਾ,ਪ੍ਰੀਤ ਹਰਪਾਲ, ਕੁਲਦੀਪ ਕੰਡਿਆਰਾ, ਸ਼ਨੀ ਸ਼ਾਹ ਅਤੇ ਸ਼ੇਰ ਰਾਣਵਾਂ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ!
ਗੀਤਕਾਰਾਂ ਦੇ ਇਸ ਮੇਲੇ ਵਿੱਚ ਪੰਜਾਬ ਦੇ ਸਾਰੇ ਗਾਇਕਾਂ, ਸੰਗੀਤਕਾਰਾਂ, ਵੀਡੀਓ ਡਾਇਰੈਕਟਰਾਂ, ਕਵੀਆਂ, ਲੇਖਕਾਂ, ਸਾਹਿਤਕਾਰਾਂ, ਗ਼ਜ਼ਲਗੋਆਂ, ਕਹਾਣੀਕਾਰਾਂ, ਭੰਗੜੇ ਗਿੱਧੇ ਦੇ ਕਲਾਕਾਰਾਂ, ਪੱਤਰਕਾਰਾਂ, ਲੇਖਕਾਂ, ਸ਼ਾਇਰਾਂ, ਬੁੱਧੀਜੀਵੀਆਂ,ਮੀਡੀਆ ਤੇ ਪ੍ਰੈਸ ਨੂੰ ਖੁੱਲ੍ਹਾ ਸੱਦਾ ਹੈ! ਮੇਲੇ ਦੀ ਖਾਸ਼ੀਅਤ ਇਹ ਹੈ ਕਿ ਮੇਲੇ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ ਯੁਰਪ ਤੋਂ ਵਿਸ਼ੇਸ਼ ਕਰਕੇ ਗੀਤਕਾਰ ਭਾਗ ਲੈ ਰਹੇ ਹਨ ! ਮੇਲੇ ਵਾਲੇ ਦਿਨ ਸਵੇਰ ਤੋਂ ਚਾਹ ਅਤੇ ਲੰਗਰ ਅਟੁੱਟ ਵਰਤੇਗਾ! ਮੇਲੇ ਦਾ ਲਾਈਵ ਪ੍ਰਸਾਰਣ ਅਮਨਦੀਪ ਸਿੰਘ ਫੁੱਲਾਂਵਾਲ ਵੱਲੋਂ " ਸੋਚ ਪੰਜਾਬ ਦੀ " ਅਤੇ ਹੋਰ ਚੈੱਨਲਾਂ ਤੇ ਕੀਤਾ ਜਾਵੇਗਾ !
Get all latest content delivered to your email a few times a month.