ਤਾਜਾ ਖਬਰਾਂ
ਚੰਡੀਗੜ੍ਹ, 5 ਫਰਵਰੀ:ਬੰਗਾ ਤੋਂ ਦੂਜੀ ਵਾਰ ਵਿਧਾਇਕ ਬਣੇ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੇ ਸਾਬਕਾ ਪ੍ਰਧਾਨ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਅੱਜ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੀ ਮੌਜੂਦਗੀ ਵਿੱਚ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ (ਕਨਵੇਅਰ) ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ। ਡਾ. ਸੁੱਖੀ ਆਪਣੇ ਪੁੱਤਰ ਡਾ. ਸਿਧਾਂਤ ਲੋਚਵ ਅਤੇ ਡਾ. ਨਿਸ਼ਾਂਤ ਲੋਚਵ ਸਮੇਤ ਹੋਰ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨਾਲ ਇੱਥੇ ਸੈਕਟਰ-17 ਸਥਿਤ ਕਨਵੇਅਰ ਦਫ਼ਤਰ ਪਹੁੰਚੇ।
ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਉਨ੍ਹਾਂ ਉੱਤੇ ਭਰੋਸਾ ਜਤਾਉਣ ਲਈ ਧੰਨਵਾਦ ਕੀਤਾ। ਡਾ. ਸੁੱਖੀ ਨੇ ਉਨ੍ਹਾਂ ਨੂੰ ਸੌਂਪੀ ਗਈ ਇਸ ਜ਼ਿੰਮੇਵਾਰੀ ‘ਤੇ ਖਰੇ ਉਤਰਨ ਦਾ ਅਹਿਦ ਲਿਆ ਅਤੇ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਾਰਪੋਰੇਸ਼ਨ ਦੇ ਕੰਮਕਾਜ ਵਿੱਚ ਹੋਰ ਪਾਰਦਰਸ਼ਤਾ ਅਤੇ ਕੁਸ਼ਲਤਾ ਲਿਆਉਣ ਨੂੰ ਤਰਜੀਹ ਦੇਣ 'ਤੇ ਵੀ ਜ਼ੋਰ ਦਿੱਤਾ।
ਡਾ. ਸੁੱਖੀ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਭਰੋਸਾ ਜਤਾਇਆ ਕਿ ਡਾ. ਸੁੱਖੀ ਦੀ ਅਗਵਾਈ ਹੇਠ ਕਾਰਪੋਰੇਸ਼ਨ ਨਵੀਆਂ ਬੁਲੰਦੀਆਂ ਨੂੰ ਛੂਹੇਗੀ। ਉਨ੍ਹਾਂ ਨੇ ਸੂਬਾ ਸਰਕਾਰ ਤਰਫੋਂ ਚੇਅਰਪਰਸਨ ਨੂੰ ਕਾਰਪੋਰੇਸ਼ਨ ਦੇ ਵਿਕਾਸ ਕਾਰਜਾਂ ਲਈ ਕੀਤੇ ਜਾਣ ਵਾਲੇ ਸਾਰੇ ਯਤਨਾਂ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰੀ ਜੈ ਕਿਸ਼ਨ ਸਿੰਘ ਰੋੜੀ, ਵਿਧਾਇਕ ਨਛੱਤਰ ਪਾਲ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਨਗਰ ਸੁਧਾਰ ਟਰੱਸਟ ਐਸ.ਬੀ.ਐਸ. ਨਗਰ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਅਤੇ ਜਸਵੀਰ ਸਿੰਘ ਗੜ੍ਹੀ ਵੀ ਡਾ. ਸੁੱਖੀ ਨੂੰ ਵਧਾਈ ਦੇਣ ਲਈ ਪਹੁੰਚੇ ਸਨ।
ਇਸ ਮੌਕੇ ਕਨਵੇਅਰ ਦੇ ਉਪ ਚੇਅਰਮੈਨ ਸ੍ਰੀ ਇੰਦਰਪ੍ਰੀਤ ਸਿੰਘ ਸੰਧੂ ਅਤੇ ਮੈਨੇਜਿੰਗ ਡਾਇਰੈਕਟਰ ਕੰਵਲਪ੍ਰੀਤ ਬਰਾੜ ਅਤੇ ਡਾ. ਸੁੱਖੀ ਦੇ ਪਰਿਵਾਰਕ ਮੈਂਬਰ ਸਰਵਣ ਸਿੰਘ, ਡਾ. ਜਗਮੋਹਨ ਪੁਰੀ, ਨਸੀਬ ਚੰਦ, ਸੋਹਣ ਲਾਲ ਢਾਂਡਾ, ਬਲਬੀਰ ਸਿੰਘ, ਡਾ. ਕੁਲਵਿੰਦਰ ਮਾਨ, ਡਾ. ਪਰਮਜੀਤ ਮਾਨ ਅਤੇ ਸੁਖਵੀਰ ਰਾਣਾ ਵੀ ਹਾਜ਼ਰ ਸਨ।
Get all latest content delivered to your email a few times a month.