ਤਾਜਾ ਖਬਰਾਂ
ਅਮਰੀਕਾ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਪ੍ਰਵਾਸੀਆਂ ਲਈ ਮੁਸ਼ਕਿਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਸੰਭਾਲਣ ਦੇ ਨਾਲ, 104 ਭਾਰਤੀ ਜੋ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਦਾਖਲ ਹੋਏ ਸਨ, ਉਹਨਾਂ ਨੂੰ ਡਿਪੋਰਟ ਕਰ ਦਿੱਤਾ ਹੈ। ਅਮਰੀਕੀ ਫੌਜ ਦਾ ਜਹਾਜ਼ ਸੀ-17 ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗਾ। ਇਸ ਵਿੱਚ 104 ਲੋਕਾਂ ਦੇ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿੱਚੋਂ 33 ਹਰਿਆਣਾ ਦੇ ਹਨ। ਇਹ ਉਡਾਣ ਮੰਗਲਵਾਰ ਦੁਪਹਿਰ ਨੂੰ ਸੈਨ ਐਂਟੋਨੀਓ ਤੋਂ ਅੰਮ੍ਰਿਤਸਰ ਹਵਾਈ ਅੱਡੇ ਲਈ ਰਵਾਨਾ ਹੋਈ।
ਇਹਨਾਂ ਪ੍ਰਵਾਸੀਆਂ ਨੂੰ ਲੈਕੇ ਜਿਵੇ ਹੀ ਫਲਾਈਟ ਨੇ ਅਮਰੀਕਾ ਤੋਂ ਉਡਾਣ ਭਰੀ ਹੈ, ਉਦੋਂ ਤੋਂ ਹੀ ਅੰਮ੍ਰਿਤਸਰ ਹਵਾਈ ਅੱਡੇ ‘ਤੇ ਗਤੀਵਿਧੀਆਂ ਵਧ ਗਈਆਂ ਹਨ। ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਭਾਰਤੀ ਸੁਰੱਖਿਆ ਏਜੰਸੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਅਮਰੀਕਾ ਤੋਂ ਆਉਣ ਵਾਲੇ ਜਹਾਜ਼ ਵਿੱਚ 11 ਚਾਲਕ ਦਲ ਦੇ ਮੈਂਬਰ ਅਤੇ 45 ਅਮਰੀਕੀ ਅਧਿਕਾਰੀ ਵੀ ਹੋਣਗੇ, ਜੋ 104 ਭਾਰਤੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਾਰਨ ਤੋਂ ਬਾਅਦ ਵਾਪਸ ਪਰਤਣਗੇ।
ਅੰਮ੍ਰਿਤਸਰ ਪ੍ਰਸ਼ਾਸਨ ਨਾਲ ਜੁੜੇ ਸੂਤਰਾਂ ਅਨੁਸਾਰ, ਅਮਰੀਕੀ ਜਹਾਜ਼ ਵਿੱਚ ਆਉਣ ਵਾਲੇ ਸਾਰੇ ਲੋਕਾਂ ਦੇ ਦਸਤਾਵੇਜ਼ਾਂ ਦੀ ਜਾਂਚ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕੀਤੀ ਜਾਵੇਗੀ। ਇਮੀਗ੍ਰੇਸ਼ਨ ਆਦਿ ਤੋਂ ਇਲਾਵਾ, ਇਨ੍ਹਾਂ ਲੋਕਾਂ ਦੇ ਪੂਰੇ ਪਿਛੋਕੜ, ਖਾਸ ਕਰਕੇ ਉਨ੍ਹਾਂ ਦੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾਵੇਗੀ। ਜੇਕਰ ਕਿਸੇ ਦਾ ਅਪਰਾਧਿਕ ਰਿਕਾਰਡ ਪਾਇਆ ਜਾਂਦਾ ਹੈ, ਤਾਂ ਉਸਨੂੰ ਹਵਾਈ ਅੱਡੇ ‘ਤੇ ਹੀ ਰਿਹਾਸਤ ਵਿੱਚ ਲੈ ਲਿਆ ਜਾਵੇਗਾ। ਇਸ ਪ੍ਰਕਿਰਿਆ ਵਿੱਚ ਪੂਰਾ ਦਿਨ ਲੱਗ ਸਕਦਾ ਹੈ। ਸੂਤਰਾਂ ਅਨੁਸਾਰ, ਅਮਰੀਕਾ ਤੋਂ ਡਿਪੋਰਟ ਕੀਤੇ ਗਏ ਇਨ੍ਹਾਂ ਭਾਰਤੀਆਂ ਵਿੱਚ ਕੁਝ ਲੋਕ ਅਜਿਹੇ ਹੋ ਸਕਦੇ ਹਨ ਜਿਨ੍ਹਾਂ ਨੇ ਭਾਰਤ ਵਿੱਚ ਕੋਈ ਅਪਰਾਧ ਕੀਤਾ ਹੋਵੇਗਾ ਅਤੇ ਅਮਰੀਕਾ ਭੱਜ ਗਏ ਹੋਣਗੇ।
Get all latest content delivered to your email a few times a month.