ਤਾਜਾ ਖਬਰਾਂ
ਚੰਡੀਗੜ੍ਹ- ਮਿਲਕ ਪਲਾਂਟ ਵੇਰਕਾ, ਜੋ ਕਿ ਸਹਿਕਾਰੀ ਅਦਾਰਾ ਹੈ, ਨੇ ਆਪਣੇ ਉਪਭੋਗਤਾਵਾਂ ਦੀ ਮੰਗ 'ਤੇ 25 ਰੁਪਏ ਦੀ ਪੈਕਿੰਗ ਵਿਚ ਰਬੜੀ ਅਤੇ ਦਹੀਂ ਨੂੰ ਲਾਂਚ ਕੀਤਾ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਵੇਰਕਾ ਦੇ ਇਹ ਦੋ ਨਵੇਂ ਉਤਪਾਦ ਲਾਂਚ ਕਰਦੇ ਹੋਏ ਕਿਹਾ ਕਿ ਸਾਡੇ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਹਿਕਾਰੀ ਅਦਾਰਾ ਵੇਰਕਾ ਗੁਣਵੱਤਾ ਭਰਪੂਰ ਦੁੱਧ ਅਤੇ ਦੁੱਧ ਪਦਾਰਥ ਸਾਡੇ ਲੋਕਾਂ ਨੂੰ ਨਿਰੰਤਰ ਸਪਲਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਦੋ ਨਵੇਂ ਉਤਪਾਦ ਮਾਰਕੀਟ ਵਿਚ ਉਤਾਰ ਕੇ ਇਸ ਗੱਲੋਂ ਵੀ ਸੰਤੁਸ਼ਟੀ ਹੈ ਕਿ 85 ਗ੍ਰਾਮ ਦੀ ਪੈਕਿੰਗ ਵਿਚ ਰਬੜੀ ਜਿਸ ਦੀ ਕੀਮਤ 25 ਰੁਪਏ ਹੈ ਅਤੇ 350 ਗ੍ਰਾਮ ਦਹੀਂ, ਜਿਸ ਦੀ ਕੀਮਤ ਵੀ 25 ਰੁਪਏ ਰੱਖੀ ਗਈ ਹੈ, ਬਹੁਤ ਕਫਾਇਤੀ ਹੈ। ਉਨ੍ਹਾਂ ਨੇ ਵੇਰਕਾ ਨੂੰ ਇਨ੍ਹਾਂ ਦੋਵੇਂ ਨਵੇਂ ਉਤਪਾਦਾਂ ਨੂੰ ਮਾਰਕੀਟ ਵਿਚ ਉਤਾਰਨ ਲਈ ਵਧਾਈ ਦਿੱਤੀ। ਇਸ ਮੌਕੇ ਮੈਨੇਜਰ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਅੰਮ੍ਰਿਤਸਰ ਅਤੇ ਤਰਨਤਰਨ ਜ਼ਿਲ੍ਹਿਆਂ ਦੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਤੇ ਡੇਅਰੀ ਫਾਰਮ ਸਿੱਧੇ ਤੌਰ ਉੱਤੇ ਵੇਰਕਾ ਨਾਲ ਜੁੜੇ ਹੋਏ ਹਨ ਅਤੇ ਅਸੀਂ ਉਨ੍ਹਾਂ ਤੋਂ ਸਾਫ-ਸੁਥਰਾ ਦੁੱਧ ਲੈ ਕੇ ਆਧੁਨਿਕ ਤਕਨੀਕਾਂ ਨਾਲ ਪ੍ਰੋਸੈੱਸ ਕਰਕੇ ਉਸ ਨੂੰ ਮਾਰਕੀਟ ਵਿਚ ਪੇਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਅਸੀਂ ਦੁੱਧ ਦੀਆਂ ਕੀਮਤਾਂ ਵਿਚ ਇਕ ਰੁਪਏ ਦੀ ਕਟੌਤੀ ਵੀ ਕੀਤੀ ਹੈ।
ਸੰਧੂ ਨੇ ਦੱਸਿਆ ਕਿ ਵੇਰਕਾ ਕੁਆਲਿਟੀ ਕੰਟਰੋਲ ਨਾਲ ਕੋਈ ਸਮਝੌਤਾ ਨਹੀਂ ਕਰਦਾ ਅਤੇ ਖਪਤਕਾਰਾਂ ਦੀ ਸਿਹਤ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਵਲੋਂ ਜੋ ਦੋ ਨਵੇਂ ਉਤਪਾਦ ਲਾਂਚ ਕੀਤੇ ਗਏ ਹਨ, ਉਹ ਕੱਲ੍ਹ ਨੂੰ ਮਾਰਕੀਟ ਵਿਚ ਉਤਾਰ ਦਿੱਤੇ ਜਾਣਗੇ। ਇਸ ਮੌਕੇ ਸਤਬੀਰ ਸਿੰਘ ਅਠਵਾਲ ਡਿਪਟੀ ਕਮਿਸ਼ਨਰ ਆਫ ਪੁਲਿਸ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਅੰਮ੍ਰਿਤਸਰ, ਵਨੀਤ ਅਹਿਲਾਵਤ ਅਸਿਸਟੈਂਟ ਕਮਿਸ਼ਨਰ ਪੁਲਿਸ ਅਤੇ ਵੇਰਕਾ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Get all latest content delivered to your email a few times a month.