IMG-LOGO
ਹੋਮ ਪੰਜਾਬ, ਚੰਡੀਗੜ੍ਹ, ਰਾਸ਼ਟਰੀ, ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਨੇ ਦਿੱਲੀ ਪੁਲਿਸ...

ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਨੇ ਦਿੱਲੀ ਪੁਲਿਸ ਵੱਲੋਂ ਪੰਜਾਬ ਦੇ ਪੱਤਰਕਾਰਾਂ ਦੀ ਗੈਰ-ਕਾਨੂੰਨੀ ਹਿਰਾਸਤ ਦੀ ਕੀਤੀ ਨਿੰਦਾ

Admin User - Feb 02, 2025 07:08 PM
IMG

 ਕਮੇਟੀ ਦੇ ਚੇਅਰਮੈਨ ਨੇ ਕਸੂਰਵਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਅਜਿਹੀਆਂ ਸ਼ਰਮਨਾਕ ਘਟਨਾਵਾਂ ’ਤੇ ਠੱਲ੍ਹ ਪਾਉਣ ਲਈ ਮੁੱਖ ਚੋਣ ਕਮਿਸ਼ਨਰ ਨੂੰ ਲਿਖਿਆ ਪੱਤਰ 

ਚੰਡੀਗੜ੍ਹ, 2 ਫਰਵਰੀ: ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਨੇ ਬੀਤੇ ਕੱਲ੍ਹ ਨਵੀਂ ਦਿੱਲੀ ਵਿੱਚ ਵਾਪਰੀ ਸ਼ਰਮਨਾਕ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ, ਜਿੱਥੇ ਦਿੱਲੀ ਵਿਧਾਨ ਸਭਾ ਚੋਣਾਂ ਦੀ ਕਵਰੇਜ ਕਰ ਰਹੇ ਪੰਜਾਬ ਦੇ ਪੱਤਰਕਾਰਾਂ ਨੂੰ ਦਿੱਲੀ ਪੁਲਿਸ ਵੱਲੋਂ ਤੁਗਲਕ ਰੋਡ ਪੁਲਿਸ ਥਾਣੇ ਵਿੱਚ ਗੈਰ-ਕਾਨੂੰਨੀ ਤੌਰ ’ਤੇ 8 ਘੰਟੇ ਲਈ ਰੱਖਿਆ ਗਿਆ ।

ਇਸ ਮੰਦਭਾਗੀ ਘਟਨਾ ਨੂੰ ਜਮਹੂਰੀ ਨਿਯਮਾਂ ਦੇ ਨਾਮ ’ਤੇ ਧੱਬਾ ਦੱਸਦਿਆਂ ਅਤੇ ਚੋਣਾਂ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਲਈ ਪੁਖਤਾ ਸੁਰੱਖਿਆ ਦੀ ਮੰਗ ਕਰਦੇ ਹੋਏ, ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਦੇ ਚੇਅਰਮੈਨ ਅਸ਼ਵਨੀ ਚਾਵਲਾ ਨੇ ਕਿਹਾ ਕਿ ਕਮੇਟੀ ਨੇ ਮੁੱਖ ਚੋਣ ਕਮਿਸ਼ਨਰ, ਨਵੀਂ ਦਿੱਲੀ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

 ਚਾਵਲਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਪੱਤਰਕਾਰਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੀ ਕਵਰੇਜ ਕਰਨ ਸਮੇਂ ਪਤਾ ਲੱਗਾ ਕਿ ਇੱਕ ਰਾਜਨੀਤਿਕ ਸੰਗਠਨ ਦੇ ਮੈਂਬਰਾਂ ਵੱਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਰਾਬ ਅਤੇ ਹੋਰ ਸਮੱਗਰੀ ਵੰਡੀ ਜਾ ਰਹੀ ਸੀ, ਜੋ ਆਦਰਸ਼ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਉਲੰਘਣਾ ਹੈ। ਆਪਣੀ ਪੱਤਰਕਾਰੀ ਡਿਊਟੀ ਦੇ ਹਿੱਸੇ ਵਜੋਂ, ਪੱਤਰਕਾਰਾਂ ਨੇ ਜਦੋਂ ਉਕਤ ਘਟਨਾ ਨੂੰ ਕਵਰ ਕਰਨਾ ਸ਼ੁਰੂ ਕੀਤਾ ਤਾਂ ਸ਼ਰਾਰਤੀ ਤੱਤਾਂ ਨੇ ਇਤਰਾਜ਼ ਜਤਾਇਆ, ਜੋ ਪੰਜਾਬ ਦੇ ਪੱਤਰਕਾਰਾਂ ਨਾਲ ਸਰਾਸਰ ਧੱਕਾ ਹੈ।

ਪੰਜਾਬ ਦੇ ਪੱਤਰਕਾਰਾਂ ਨੇ ਇਨਸਾਫ਼  ਦੀ ਉਮੀਦ ਨਾਲ  ਦਿੱਲੀ ਪੁਲਿਸ ਨੂੰ ਸੂਚਿਤ ਕੀਤਾ, ਪਰ ਅਫਸੋਸ ਕਿ ਦਿੱਲੀ ਪੁਲਿਸ ਨੇ ਮੌਕੇ ’ਤੇ ਪਹੁੰਚਣ ਦੀ ਬਜਾਏ ਪੰਜਾਬ ਦੇ ਪੱਤਰਕਾਰਾਂ ਨਾਲ ਦੁਰਵਿਵਹਾਰ ਕੀਤਾ ਅਤੇ ਸਾਰੇ ਨਿਯਮਾਂ ਨੂੰ ਛਿੱਕੇ ਟੰਗਦਿਆਂ  ਉਨ੍ਹਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ। ਹਿਰਾਸਤ ਵਿੱਚ ਲਏ ਗਏ ਪੱਤਰਕਾਰਾਂ ਵਿੱਚ ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਕਮੇਟੀ ਦਾ ਇੱਕ ਮੈਂਬਰ ਵੀ ਸ਼ਾਮਲ ਸੀ।

ਇਹ ਜਾਣਦਿਆਂ ਕਿ ਸਾਰੇ ਪੱਤਰਕਾਰ ਆਪਣੇ ਪਛਾਣ ਪੱਤਰ ਲੈ ਕੇ ਜਾ ਰਹੇ ਸਨ ਅਜਿਹਾ ਗੈਰ-ਸੱਭਿਅਕ ਵਤੀਰਾ ਕੀਤਾ ਗਿਆ।

ਉਨ੍ਹਾਂ ਨੂੰ 8 ਘੰਟਿਆਂ ਤੋਂ ਵੱਧ ਸਮੇਂ ਲਈ ਪੁਲਿਸ ਥਾਣੇ ਵਿੱਚ ਰੱਖਿਆ ਗਿਆ ਅਤੇ ਉਦੋਂ ਛੱਡਿਆ  ਗਿਆ ਜਦੋਂ ਮੀਡੀਆ ਗਲਿਆਰਿਆਂ ਵਿੱਚ ਇਹ ਖ਼ਬਰ ਫੈਲ ਗਈ ।

ਇਸ ਲਈ, ਮੁੱਖ ਚੋਣ ਕਮਿਸ਼ਨਰ ਨੂੰ ਬੇਨਤੀ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਅਜਿਹੀਆਂ ਸ਼ਰਮਨਾਕ ਘਟਨਾਵਾਂ ਦੁਬਾਰਾ ਨਾ ਵਾਪਰਨ। ਅਸ਼ਵਨੀ ਚਾਵਲਾ ਨੇ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਚਾਵਲਾ ਨੇ ਇਹ ਵੀ ਕਿਹਾ ਕਿ ਮੀਡੀਆ ਨੂੰ ਲੋਕਤੰਤਰ  ਦਾ ਚੌਥਾ ਥੰਮ੍ਹ ਕਿਹਾ ਜਾਂਦਾ ਹੈ ਅਤੇ ਮੀਡੀਆਕਰਮੀਆਂ ਨੂੰ ਜ਼ਬਰਨ ਉਨ੍ਹਾਂ ਦੀ ਜਾਇਜ਼ ਡਿਊਟੀ ਨਿਭਾਉਣ ਤੋਂ ਰੋਕਣਾ  ਗੈਰ-ਵਾਜਿਬ ਤੇ ਧੱਕਾ ਹੈ।ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪ੍ਰੈਸ ਕਲੱਬ ਨੇ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.