IMG-LOGO
ਹੋਮ ਪੰਜਾਬ: ਮੋਗਾ ਦੇ ਪਿੰਡ ਚੁਗਾਵਾਂ ਦੀ ਸਰਪੰਚ ਨਰਿੰਦਰ ਕੌਰ ਦਿੱਲੀ ਵਿਖੇ...

ਮੋਗਾ ਦੇ ਪਿੰਡ ਚੁਗਾਵਾਂ ਦੀ ਸਰਪੰਚ ਨਰਿੰਦਰ ਕੌਰ ਦਿੱਲੀ ਵਿਖੇ ਗਣਤੰਤਰ ਦਿਵਸ ਸਮਾਰੋਹ 'ਚ ਮਹਿਮਾਨ ਵਜੋਂ ਹੋਣਗੇ ਸ਼ਾਮਿਲ

Admin User - Jan 21, 2025 03:43 PM
IMG

ਮੋਗਾ, 21 ਜਨਵਰੀ - ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ ਦੇ ਚੇਅਰਪਰਸਨ ਤੇ ਪਿੰਡ ਚੁਗਾਵਾਂ ਦੇ ਸਰਪੰਚ  ਨਰਿੰਦਰ ਕੌਰ ਵੱਲੋਂ ਆਪਣੇ ਪਿੰਡ ਲਈ ਨਿਭਾਈਆਂ ਜਾ ਰਹੀਆਂ ਵਧੀਆਂ ਸੇਵਾਵਾਂ ਨੂੰ ਦੇਖਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਉਹਨਾਂ ਨੂੰ 26 ਜਨਵਰੀ ਗਣਤੰਤਰ ਦਿਵਸ ਮੌਕੇ ਰਾਜਧਾਨੀ ਦਿੱਲੀ ਵਿਖੇ ਹੋ ਰਹੇ ਰਾਸ਼ਟਰੀ ਸਮਾਰੋਹ ਵਿਚ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਚੁਣਿਆ ਗਿਆ ਹੈ। ਇਹ ਜਾਣਕਾਰੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ  ਆਦਰਸ਼ ਨਿਰਮਲ ਵੱਲੋਂ ਦਿੱਤੀ ਗਈ। 

ਉਹਨਾਂ ਦੱਸਿਆ ਕਿ  ਨਰਿੰਦਰ ਕੌਰ ਦੀ ਅਗਵਾਈ ਵਿੱਚ ਕਮੇਟੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਮਿਲ ਕੇ ਪਿੰਡ ਚੁਗਾਵਾਂ 'ਚ ਜਲ ਸਪਲਾਈ ਸਕੀਮ ਨੂੰ ਬੜੇ ਹੀ ਵਧੀਆ ਢੰਗ ਨਾਲ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਘਰਾਂ ਦੀ ਗਿਣਤੀ ਲਗਪਗ 497 ਹੈ ਤੇ 2700 ਦੇ ਕਰੀਬ ਆਬਾਦੀ ਹੈ ਅਤੇ ਪਿੰਡ ਵਿਚ 3 ਆਂਗਣਵਾੜੀ ਸੈਂਟਰ ਅਤੇ 2 ਸਰਕਾਰੀ ਸਕੂਲ ਵੀ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਕੌਰ ਗ੍ਰਾਮ ਪੰਚਾਇਤ ਵਾਟਰ ਸਪਲਾਈ ਦੇ ਚੇਅਰਪਰਸਨ ਤੇ ਪਿੰਡ ਦੀ ਸਰਪੰਚ ਹੋਣ ਕਰ ਕੇ ਉਹਨਾਂ ਵਲੋਂ ਅਣਥੱਕ ਯਤਨ ਕੀਤੇ ਜਾਂਦੇ ਹਨ ਤਾਂ ਕਿ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਪੇਸ਼ ਆਵੇ। ਪਿੰਡ ਦੇ ਵਾਟਰ ਵਰਕਸ ਨੂੰ ਸੁੰਦਰ ਦਿੱਖ ਦੇਣ ਲਈ ਉਹਨਾਂ ਵੱਲੋਂ ਵਾਟਰ ਵਰਕਸ ਉਪਰ ਸੁੰਦਰ ਪਾਰਕ ਬਣਾਇਆ ਗਿਆ ਹੈ। ਇਸ ਪਾਰਕ ਵਿੱਚ ਸਮੁੱਚੇ ਪਿੰਡ ਦੇ ਲੋਕ ਸੈਰ ਕਰਨ ਲਈ ਆਉਂਦੇ ਹਨ ਅਤੇ ਉਨ੍ਹਾਂ ਵਲੋਂ ਪਿੰਡ ਦੇ ਸਾਰੇ ਘਰਾਂ ਅੱਗੇ ਘਰ ਦੇ ਮੁਖੀ ਦੇ ਨਾਮ ਦੀ ਨੇਮ ਪਲੇਟ ਵੀ ਲਗਾਈ ਗਈ ਹੈ, ਜਿਸ ਉਪਰ ਮੁਖੀ ਦੇ ਨਾਮ ਦੇ ਨਾਲ ਵਾਟਰ ਸਪਲਾਈ ਦੇ ਕੁਨੈਕਸ਼ਨ ਦਾ ਨੰਬਰ ਵੀ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਲ ਸਪਲਾਈ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਮੇਟੀ ਦੀ ਮਹੀਨਾਵਾਰ ਮੀਟਿੰਗ ਵੀ ਕੀਤੀ ਜਾਂਦੀ ਹੈ। 

ਡਿਪਟੀ ਕਮਿਸ਼ਨਰ  ਵਿਸ਼ੇਸ਼ ਸਾਰੰਗਲ ਨੇ  ਨਰਿੰਦਰ ਕੌਰ ਦੀ ਇਸ ਚੋਣ ਉੱਤੇ ਖੁਸ਼ੀ ਜ਼ਾਹਿਰ ਕਰਦਿਆਂ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਵੀ ਵਿਅਕਤੀਗਤ ਤੌਰ ਉੱਤੇ ਜਾਂ ਕਿਸੇ ਸਮੂਹ ਦੇ ਰੂਪ ਵਿੱਚ ਆਪਣਾ ਅਤੇ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਣ ਲਈ ਅੱਗੇ ਆਉਣ। ਉਹਨਾਂ ਦੇ ਇਸ ਯੋਗਦਾਨ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਣਦਾ ਮਾਣ ਸਨਮਾਨ ਦਿੱਤਾ ਅਤੇ ਦਿਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਭਵਿੱਖ ਵਿੱਚ ਵੀ ਵਧੀਆ ਕੰਮ ਕਰਨ ਵਾਲੇ ਵਿਅਕਤੀਆਂ, ਸਮੂਹਾਂ ਜਾਂ ਸੰਸਥਾਵਾਂ ਨੂੰ ਉਹਨਾਂ ਦੀ ਵਿਸ਼ੇਸ਼ ਪ੍ਰਾਪਤੀ ਲਈ ਰਾਜ ਅਤੇ ਰਾਸ਼ਟਰੀ ਪੱਧਰ ਉੱਤੇ ਸਨਮਾਨਿਤ ਕਰਵਾਇਆ ਜਾਵੇ। 

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ, "ਨਰਿੰਦਰ ਕੌਰ ਦੇ ਸਮਰਪਣ ਅਤੇ ਅਗਵਾਈ ਨੇ ਚੁੱਗਵਾਂ ਪਿੰਡ ਦੇ ਵਸਨੀਕਾਂ ਦੇ ਜੀਵਨ 'ਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਅਤੇ ਪਿੰਡ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੇ ਯਤਨ ਸੱਚਮੁੱਚ ਸ਼ਲਾਘਾਯੋਗ ਹਨ। ਸਾਨੂੰ ਮਾਣ ਹੈ ਕਿ ਉਹ ਦਿੱਲੀ ਵਿੱਚ ਗਣਤੰਤਰ ਦਿਵਸ ਸਮਾਰੋਹ ਵਿੱਚ ਮੋਗਾ ਜ਼ਿਲ੍ਹੇ ਦੀ ਨੁਮਾਇੰਦਗੀ ਕਰ ਰਹੀ ਹੈ।" ਉਹਨਾਂ ਸਰਪੰਚ ਸ਼੍ਰੀਮਤੀ ਨਰਿੰਦਰ ਕੌਰ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਅਤੇ ਸੁਨਿਹਰੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। 

ਇਸ ਮੌਕੇ ਚੇਅਰਪਰਸਨ ਤੇ ਸਰਪੰਚ  ਨਰਿੰਦਰ ਕੌਰ ਨੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਧੰਨਵਾਦੀ ਹੈ ਕਿ ਉਸਨੂੰ 26 ਜਨਵਰੀ ਗਣਤੰਤਰ ਦਿਵਸ ਮੌਕੇ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਣ ਲਈ ਚੁਣਿਆ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.