ਤਾਜਾ ਖਬਰਾਂ
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਨੇ 21 ਜਨਵਰੀ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਹੈ। ਹੁਣ ਇਹ ਮੀਟਿੰਗ 22 ਜਨਵਰੀ ਨੂੰ ਦੁਪਹਿਰ 12 ਵਜੇ ਪਾਰਟੀ ਦੇ ਚੰਡੀਗੜ੍ਹ ਸਥਿਤ ਮੁੱਖ ਦਫਤਰ ਵਿਖੇ ਹੋਵੇਗੀ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕਰਕੇ ਦਿੱਤੀ ਹੈ।
ਡਾਕਟਰ ਚੀਮਾ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੀਆਂ ਵੋਟਰ ਸੂਚੀਆਂ ਵਿੱਚ ਵੱਡੇ ਪੱਧਰ ’ਤੇ ਜਾਅਲੀ ਵੋਟਾਂ ਦੀ ਰਜਿਸਟਰੇਸ਼ਨ ਦੇ ਮਾਮਲੇ ਵਿੱਚ ਆਪਣੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਸੱਦਣ ਦਾ ਫੈਸਲਾ ਕੀਤਾ ਹੈ। ਇਹ ਮੀਟਿੰਗ ਪਹਿਲਾਂ 21 ਜਨਵਰੀ ਨੂੰ ਹੋਣੀ ਸੀ, ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ 22 ਜਨਵਰੀ ਨੂੰ ਦੁਪਹਿਰ 12 ਵਜੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹੋਵੇਗੀ।
ਕਿਉਂਕਿ ਰਿਟਰਨਿੰਗ ਅਫਸਰਾਂ ਕੋਲ ਇਤਰਾਜ਼ ਦਾਇਰ ਕਰਨ ਦੀ ਆਖਰੀ ਮਿਤੀ 23 ਜਨਵਰੀ ਹੈ, ਇਸ ਲਈ ਪਾਰਟੀ ਨੇ ਆਪਣੇ ਸਾਰੇ ਮੈਂਬਰਾਂ ਅਤੇ ਹੋਰ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਗੈਰ-ਸਿੱਖ ਅਤੇ ਹੋਰ ਜਾਅਲੀ ਵੋਟਾਂ ਸਬੰਧੀ ਸਾਰੇ ਇਤਰਾਜ਼ ਸਬੰਧਤ ਰਿਟਰਨਿੰਗ ਅਫਸਰਾਂ ਕੋਲ ਲਿਖਤੀ ਰੂਪ ਵਿੱਚ ਦਾਖਲ ਕਰਨ ਜਿਵੇਂ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਹ ਸਾਰਾ ਮਾਮਲਾ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਕੋਲ ਉਠਾਏਗੀ।
ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਭਲਕੇ 20 ਜਨਵਰੀ ਨੂੰ ਦੁਪਹਿਰ 1 ਵਜੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹੋਵੇਗੀ। ਮੈਂਬਰਸ਼ਿਪ ਮੁਹਿੰਮ ਵੀ ਭਲਕੇ 20 ਜਨਵਰੀ ਤੋਂ ਸ਼ੁਰੂ ਹੋਵੇਗੀ। ਸਾਰੇ ਪਾਰਟੀ ਆਗੂਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਭਲਕੇ ਸਵੇਰ ਤੋਂ ਪਾਰਟੀ ਹੈੱਡਕੁਆਰਟਰ ਤੋਂ ਮੈਂਬਰਸ਼ਿਪ ਬੁੱਕਲੈੱਟ ਇਕੱਠੇ ਕਰਨ।
Get all latest content delivered to your email a few times a month.