ਤਾਜਾ ਖਬਰਾਂ
.
ਮੋਹਾਲੀ- ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਐਸ ਈ ਨਵੀਨ ਕੰਬੋਜ ਨਾਲ ਮੁਲਾਕਾਤ ਕਰਕੇ ਮੋਹਾਲੀ ਦੇ ਐਂਟਰੀ ਪੁਆਇੰਟਾਂ ਉੱਤੇ ਬਣੇ ਪੁਲਾਂ ਦੇ ਨਵੀਨੀਕਰਨ ਦੀ ਮੰਗ ਕੀਤੀ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਦੀ ਐਂਟਰੀ ਪੁਆਇੰਟ ਦੇ ਉੱਤੇ ਪੁੱਲ ਬਲੌਂਗੀ, ਫੇਜ਼ 8 ਦੇ ਪਿੱਛੇ ਐਜੂਕੇਸ਼ਨ ਬੋਰਡ ਦੇ ਪਿੱਛੇ ਚੰਡੀਗੜ੍ਹ ਨੂੰ ਜੋੜਦੀ ਸੜਕ ਉੱਤੇ ਬਣਿਆ ਪੁੱਲ ਅਤੇ ਨਾਈਪਰ ਉੱਤੇ ਬਣਿਆ ਪੁੱਲ ਕਈ ਸਾਲ ਪੁਰਾਣੇ ਹਨ ਅਤੇ ਬਹੁਤ ਖਸਤਾ ਹਾਲਤ ਵਿੱਚ ਹਨ ਅਤੇ ਇੱਥੇ ਸੜਕਾਂ ਵੀ ਬਹੁਤ ਸੌੜੀਆਂ ਹੋ ਚੁੱਕੀਆਂ ਹਨ ਜਿਸ ਕਾਰਨ ਟਰੈਫਿਕ ਦੀ ਭਾਰੀ ਸਮੱਸਿਆ ਆਉਂਦੀ ਹੈ। ਮੋਹਾਲੀ ਦੀ ਐਂਟਰੀ ਉੱਤੇ ਬਣੇ ਇਹ ਪੁੱਲ ਮੋਹਾਲੀ ਸ਼ਹਿਰ ਦੀ ਸੁੰਦਰਤਾ ਉੱਤੇ ਵੀ ਬਹੁਤ ਮਾੜਾ ਅਸਰ ਪਾਉਂਦੇ ਹਨ ਅਤੇ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ।
ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਬਲੌਂਗੀ ਵਾਲਾ ਪੁਲ ਨੀਵਾਂ ਹੈ ਅਤੇ ਦੋਵੇਂ ਪਾਸੇ ਫੋਰ ਲੇਨ ਸੜਕਾਂ ਪੁਲ ਨਾਲੋਂ ਉੱਚੀਆਂ ਹਨ। ਬਰਸਾਤ ਵੇਲੇ ਸਾਰਾ ਪਾਣੀ ਉੱਥੇ ਇਕੱਠਾ ਹੁੰਦਾ ਹੈ। ਬਲੌਂਗੀ ਵਿੱਚ ਆਬਾਦੀ ਦਾ ਬਹੁਤ ਵੱਡਾ ਪ੍ਰੈਸ਼ਰ ਹੈ। ਇੱਥੋਂ ਸਾਰੇ ਲੋਕ ਆਪਣੇ ਕੰਮਾਂ ਕਾਰਾਂ ਤੇ ਡਿਊਟੀਆਂ ਉੱਤੇ ਸਾਇਕਲਾਂ ਤੇ ਸਕੂਟਰਾਂ ਤੇ ਜਾਂਦੇ ਹਨ। ਇੱਥੇ ਚਿੱਕੜ ਹੋਣ ਕਾਰਨ ਉਹਨਾਂ ਦੇ ਕੱਪੜੇ ਵੀ ਖਰਾਬ ਹੁੰਦੇ ਹਨ। ਇਸ ਦੇ ਨਾਲ ਨਾਲ ਉਥੇ ਜਾਮ ਦੀ ਸਥਿਤੀ ਬਣ ਜਾਂਦੀ ਹੈ। ਆਮ ਲੋਕਾਂ ਦਾ ਸਾਈਕਲਾਂ ਉੱਤੇ ਲੰਘਣਾ ਵੀ ਔਖਾ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਪੁਲ ਨੈਸ਼ਨਲ ਹਾਈਵੇ ਨੂੰ ਜੋੜਦਾ ਹੈ। ਉਹਨਾਂ ਮੰਗ ਕੀਤੀ ਕਿ ਇਸ ਪੁੱਲ ਨੂੰ ਜਾ ਚੁੱਕ ਕੇ ਨਵਾਂ ਬਣਾਇਆ ਜਾਵੇ।
ਡਿਪਟੀ ਮੇਅਰ ਨੇ ਕਿਹਾ ਕਿ ਇਸੇ ਤਰ੍ਹਾਂ ਡੀਸੀ ਦਫਤਰ ਤੋਂ ਥੋੜਾ ਅੱਗੇ ਲਾਂਡਰਾਂ ਵੱਲ ਨੂੰ ਜਾਣ ਵੇਲੇ ਸੜਕ ਉੱਤੇ ਟੀ ਪੁਆਇੰਟ ਬਣਦਾ ਹੈ ਅਤੇ ਇੱਥੇ ਵੀ ਬਹੁਤ ਮਾੜੀ ਹਾਲਤ ਹੈ। ਕਈ ਵਾਰ ਇੱਥੇ ਜਾਮ ਲੱਗ ਜਾਂਦੇ ਹਨ ਅਤੇ ਹਾਦਸੇ ਵੀ ਵਾਪਰਦੇ ਹਨ। ਉਹਨਾਂ ਕਿਹਾ ਕਿ ਇੱਥੇ ਟਰੈਫਿਕ ਲਾਈਟਾਂ ਦਾ ਬੰਦੋਬਸਤ ਬਹੁਤ ਜਰੂਰੀ ਹੈ। ਕਈ ਸਾਲਾਂ ਤੋਂ ਮੋਹਾਲੀ ਦੇ ਲੋਕ ਇਹ ਮੰਗ ਉਠਾਉਂਦੇ ਆ ਰਹੇ ਹਨ ਪਰ ਗਮਾਡਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਹਨਾਂ ਕਿਹਾ ਕਿ ਇਹ ਸਾਰੇ ਕੰਮ ਮੁੱਢਲੇ ਕੰਮ ਹਨ ਅਤੇ ਇਹਨਾਂ ਦੀ ਜਿੰਮੇਵਾਰੀ ਗਮਾਡਾ ਦੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਮੋਹਾਲੀ ਦਾ ਵਿਸਤਾਰ ਹੋ ਰਿਹਾ ਹੈ ਅਤੇ ਟਰੈਫਿਕ ਵਿੱਚ ਵਾਧਾ ਹੋ ਰਿਹਾ ਹੈ ਉਸ ਨਾਲ ਆਉਂਦੇ ਸਮੇਂ ਵਿੱਚ ਮੁਸ਼ਕਿਲਾਂ ਹੋਰ ਵੱਧ ਜਾਣਗੀਆਂ। ਉਹਨਾਂ ਕਿਹਾ ਕਿ ਗਮਾਡਾ ਸਿਰਫ ਪ੍ਰੋਪਰਟੀ ਡੀਲਰ ਬਣ ਕੇ ਪਲਾਟ ਵੇਚਣ ਦਾ ਕੰਮ ਨਾ ਕਰੇ ਸਗੋਂ ਬੁਨਿਆਦੀ ਢਾਂਚੇ ਦਾ ਵਿਕਾਸ ਕਰਕੇ ਲੋਕਾਂ ਨੂੰ ਪੂਰੀ ਸਹੂਲਤ ਦੇਣ ਦਾ ਵੀ ਕੰਮ ਕਰੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
Get all latest content delivered to your email a few times a month.