ਤਾਜਾ ਖਬਰਾਂ
.
ਅੰਮ੍ਰਿਤਸਰ,ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਇਥੇ ਜੰਡਿਆਲਾ ਗੁਰੂ ਹਲਕੇ ਵਿੱਚ ਜੰਡਿਆਲਾ ਗੁਰੂ ਵਾਸੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ 4 ਪੁਲਾਂ ਦੀ ਮੁੜ ਉਸਾਰੀ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਇਨਾਂ ਪੁਲਾਂ ਤੇ ਕਰੀਬ 15 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਇਨਾਂ ਪੁਲਾਂ ਦੀ ਮੁੜ ਉਸਾਰੀ ਨਾਲ ਲੋਕਾਂ ਨੂੰ ਸਿੱਧਾ ਫਾਇਦਾ ਹੋਵੇਗਾ ਅਤੇ ਲੋਕਾਂ ਨੂੰ ਇਕ ਥਾਂ ਤੋਂ ਦੂਜੇ ਥਾਂ ਤੇ ਜਾਣ ਲਈ ਛੋਟੇ ਰੂਟ ਮਿਲਣਗੇ ਜਿਸ ਨਾਲ ਉਨਾਂ ਦੇ ਸਮੇਂ ਅਤੇ ਪੈਸੇ ਦੋਹਾਂ ਦੀ ਬਚਤ ਹੋਵੇਗੀ।
ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ 291.77 ਲੱਖ ਰੁਪਏ ਦੀ ਲਾਗਤ ਨਾਲ ਮਹਿਤੇ ਦੀ ਸੜਕ ਚੌੜੀ ਹੋਣ ਕਰਕੇ ਇਸ ਸੜਕ ਉਪਰ ਪੈਂਦੇ ਖਿਲਚੀਆਂ ਨਾਲੇ ਦੀ ਮੁੜ ਉਸਾਰੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਹ ਪੁਲ ਆਵਾਜਾਈ ਲਈ ਕਾਫ਼ੀ ਤੰਗ ਹੋ ਗਿਆ ਸੀ ਅਤੇ ਪੁਰਾਣਾ ਹੋ ਚੁੱਕਾ ਸੀ ਜੋ ਕਿ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ। ਇਸੇ ਤਰ੍ਹਾਂ ਹੀ ਨਵਾਂ ਪਿੰਡ ਸੜਕ ਚੌੜੀ ਹੋਣ ਕਰਕੇ 561.85 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਪਿੰਡ ਦੀ ਸੜਕ ਉਪਰ ਪੈਂਦੇ ਕਸੂਰ ਨਾਲੇ ਦੀ ਮੁੜ ਉਸਾਰੀ, ਗੱਗੜਭਾਣਾ ਦੀ ਸੜਕ ਚੌੜੀ ਹੋਣ ਕਰਕੇ 358.11 ਲੱਖ ਰੁਪਏ ਦੀ ਲਾਗਤ ਨਾਲ ਸਭਰਾਵਾਂ ਨਹਿਰ ਦਾ ਪੁਲ ਦੀ ਮੁੜ ਉਸਾਰੀ ਅਤੇ ਬੁਟਰ ਦੀ ਸੜਕ ਚੌੜੀ ਹੋਣ ਕਰਕੇ 259.88 ਲੱਖ ਰੁਪਏ ਦੀ ਲਾਗਤ ਨਾਲ ਧਰਦਿਓ ਨਾਲੇ ਦੀ ਮੁੜ ਉਸਾਰੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਇਹ ਚਾਰਾਂ ਪੁਲਾਂ ਦੀ ਚੌੜਾਈ 20 ਫੁੱਟ ਤੋਂ ਵਧਾ ਕੇ 40 ਫੁੱਟ ਤੱਕ ਕੀਤੀ ਜਾਵੇਗੀ।
ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਨਾਂ ਕੰਮਾਂ ਦੇ ਟੈਂਡਰ ਪ੍ਰਕਿਰਆ ਮੁਕੰਮਲ ਹੋ ਚੁੱਕੀ ਹੈ ਅਤੇ ਇਨਾਂ ਸੜਕਾਂ ਦੇ ਕੰਮ ਨੂੰ ਮੁਕੰਮਲ ਕਰਨ ਲਈ 12 ਮਹੀਨੇ ਦਾ ਟੀਚਾ ਮਿੱਥਿਆ ਗਿਆ ਹੈ। ਉਨਾਂ ਸਬੰਧਤ ਅਧਿਕਾਰਿਆਂ ਨੂੰ ਹਦਾਇਤ ਕੀਤੀ ਕਿ ਸਾਰੇ ਕਾਰਜ ਸਮੇਂ ਸਿਰ ਮੁਕੰਮਲ ਕੀਤੇ ਜਾਣ। ਸ: ਹਰਭਜਨ ਸਿੰਘ ਈ.ਟੀ.ਓ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਲ ਰਹੇ ਵਿਕਾਸ ਕਾਰਜਾਂ ਦਾ ਆਪ ਵੀ ਧਿਆਨ ਰੱਖਣ ਕਿਉਂਕਿ ਇਹ ਸੜਕਾਂ ਲੋਕਾਂ ਦੇ ਪੈਸੈ ਨਾਲ ਹੀ ਬਣ ਰਹੀਆਂ ਹਨ ਅਤੇ ਜੇਕਰ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਉਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ।
ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਜੰਡਿਆਲੇ ਹਲਕੇ ਨੂੰ ਵਿਕਾਸ ਪੱਖੋਂ ਅਣਗੌਲਿਆਂ ਰੱਖਿਆ ਅਤੇ ਇਸ ਹਲਕੇ ਦੀ ਸੜ੍ਹਕੀ ਆਵਾਜਾਈ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ, ਜਿਸ ਕਰਕੇ ਜੰਡਿਆਲਾ ਹਲਕੇ ਦੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਨਹੀਂ ਮਿਲ ਸਕੀਆਂ। ਉਨਾਂ ਇਸ ਮੌਕੇ ਆਏ ਹੋਏ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦਾ ਇਨਾਂ ਕੰਮਾਂ ਵਿੱਚ ਸਹਿਯੋਗ ਦੇਣ ਤਾਂ ਜੋ ਅਸੀਂ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋਂ ਲਏ ਹੋਏ ਰੰਗਲੇ ਪੰਜਾਬ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲ ਸਕੀਏ।
Get all latest content delivered to your email a few times a month.